ਪੀਪੀ ਵਰਮਾ/ ਕੁਲਦੀਪ ਸਿੰਘ/ਦਰਸ਼ਨ ਸਿੰਘ ਸੋਢੀ
ਪੰਚਕੂਲਾ/ਚੰਡੀਗੜ੍ਹ/ਐਸ.ਏ.ਐਸ.ਨਗਰ (ਮੁਹਾਲੀ), 3 ਅਗਸਤ
ਪੰਚਕੂਲਾ ਜ਼ਿਲ੍ਹੇ ਵਿੱਚ ਇਕ ਵਾਰ ਮੁੜ ਕਰੋਨਾ ਧਮਾਕਾ ਹੋਇਆ। ਅੱਜ ਇਥੇ 64 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ| ਇਹ ਮਰੀਜ਼ ਰਾਏਪੁਰਰਾਣੀ, ਨਾਨਕਪੁਰ, ਮਦਵਾਲਾ, ਪਿੰਜੌਰ ਅਤੇ ਸੈਕਟਰ 21 ਨਾਲ ਸਬੰਧਤ ਹਨ। ਪ੍ਰਭਾਵਿਤ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਅੱਜ ਕਰੋਨਾ ਦੇ 43 ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 1160 ਹੋ ਗਈ ਹੈ। ਯੂ.ਟੀ. ਸਿਹਤ ਵਿਭਾਗ ਮੁਤਾਬਕ ਅੱਜ ਆਏ 43 ਨਵੇਂ ਮਰੀਜ਼ ਬਾਪੂਧਾਮ ਕਾਲੋਨੀ, ਬੁੜੈਲ, ਮਲੋਆ, ਕਜਹੇੜੀ, ਮਨੀਮਾਜਰਾ, ਖੁੱਡਾ ਲਾਹੌਰਾ, ਰਾਏਪੁਰ ਖੁਰਦ, ਧਨਾਸ, ਰਾਮਦਰਬਾਰ, ਬੁਟਰੇਲਾ, ਸੈਕਟਰ 7, 8, 10, 20, 22, 23, 25, 34, 35, 38, 41, 45, 51, 56 ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਕੁੱਲ 8 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ। ਸ਼ਹਿਰ ਵਿੱਚ ਹੁਣ ਤਕ ਕਰੋਨਾ ਨਾਲ 19 ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 433 ਹੈ।
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 959 ਹੋ ਗਈ ਹੈ। ਪਿਛਲੇ 21 ਦਿਨਾਂ ਵਿੱਚ 566 ਨਵੇਂ ਕੇਸ ਸਾਹਮਣੇ ਆਏ ਹਨ। ਅੱਜ 20 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ, ਜਦੋਂਕਿ ਹੁਣ ਤੱਕ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ 389 ਕੇਸ ਐਕਟਿਵ ਹਨ।