ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਅਗਸਤ
ਚੰਡੀਗੜ੍ਹ ਪੁਲੀਸ ਨੇ ਚੋਰੀ, ਖੋਹ, ਕਤਲ ਦੀਆਂ ਕੋਸ਼ਿਸ਼ਾਂ, ਅਸਲਾ ਐਕਟ, ਕੁੱਟਮਾਰ ਅਤੇ ਡਕੈਤੀ ਵਰਗੇ ਕਈ ਗੰਭੀਰ ਮਾਮਲਿਆਂ ’ਚ ਸ਼ਾਮਲ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਵਿੱਚ ਵੀ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ 13 ਮੁਲਜ਼ਮਾਂ ਨੂੰ ਸੈਕਟਰ 31 ਤੇ ਸੈਕਟਰ 39 ਅਤੇ ਮਲੋਆ ਥਾਣੇ ਦੀਆਂ ਟੀਮਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਮੋਟਰਸਾਈਕਲ, ਖੋਹੇ ਹੋਏ ਮੋਬਾਈਲ ਫੋਨ, ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਟਰਾਈਸਿਟੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲੀਸ ਅਨੁਸਾਰ ਇਹ ਮੁਲਜ਼ਮ ਹੋਰਨਾਂ ਸੂਬਿਆਂ ਵਿੱਚ ਵੀ ਲੋੜੀਂਦੇ ਸਨ। ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਕਈ ਹੋਰ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸੁਖਪ੍ਰੀਤ ਉਰਫ਼ ਪ੍ਰੀਤ ਵਾਸੀ ਬਲਾਕ ਮਾਜਰੀ, ਮੁਹਾਲੀ ਨੂੰ ਮਲੋਆ ਸਥਿਤ ਸਤਿਸੰਗ ਭਵਨ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਤੇ ਖੋਹਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਪੁਲੀਸ ਨੇ ਚੰਡੀਗੜ੍ਹ ਦੀ ਰਾਮਦਰਬਾਰ ਕਲੋਨੀ ਦੇ ਰਹਿਣ ਵਾਲੇ ਸ਼ੁਭਮ ਉਰਫ਼ ਟੈਡੀ ਅਤੇ ਰਾਮਦਰਬਾਰ ਦੇ ਹੀ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਲੁੱਟੇ ਹੋਏ ਗਹਿਣੇ ਬਰਾਮਦ ਹੋਏ ਹਨ। ਦੋਹਾਂ ਖ਼ਿਲਾਫ਼ ਸੈਕਟਰ-31 ਥਾਣੇ ਵਿੱਚ ਕੇਸ ਦਰਜ ਹੈ। ਗ੍ਰਿਫਤਾਰ ਕੀਤੇ ਗਏ ਧਨਾਸ ਸਥਿਤ ਈਡਬਲਿਊਐੱਸ ਕਲੋਨੀ ਦੇ ਵਸਨੀਕ ਗੋਵਿੰਦਾ ਖ਼ਿਲਾਫ਼ ਲੁੱਟ-ਖੋਹ, ਚੋਰੀ, ਸਨੈਚਿੰਗ ਵਰਗੇ ਛੇ ਤੋਂ ਵੱਧ ਕੇਸ ਦਰਜ ਹਨ। ਰਾਮਦਰਬਾਰ ਦੇ ਰੋਹਿਤ ਤੇ ਸੌਰਭ ਨੂੰ ਵੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਦੋਹਾਂ ਖ਼ਿਲਾਫ਼ ਸੈਕਟਰ-31 ਥਾਣੇ ਵਿੱਚ ਕੇਸ ਦਰਜ ਹੈ। ਮੁਲਜ਼ਮਾਂ ਕੋਲੋਂ ਚੋਰੀ ਕੀਤੇ ਮੋਬਾਈਲ ਫੋਨ ਬਰਾਮਦ ਹੋਏ ਹਨ। ਮਲੋਆ ਕਲੋਨੀ ਦੇ ਰਹਿਣ ਵਾਲੇ ਮੁਲਜ਼ਮ ਰਾਜ ਕੁਮਾਰ ਉਰਫ ਨੰਨ੍ਹਾ ਨੂੰ ਪੁਲੀਸ ਨੇ ਚੋਰੀ ਦੇ ਐਲੂਮੀਨੀਅਮ ਅਤੇ ਲੋਹੇ ਦੇ ਚੂਰੇ ਸਮੇਤ ਕਾਬੂ ਕੀਤਾ ਹੈ। ਚੰਡੀਗੜ੍ਹ ਸੈਕਟਰ-56 ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਮੋਨੂੰ ਉਰਫ਼ ਗਾਂਜਾ, ਸੋਨੂੰ ਤੇ ਰਾਜ ਕੁਮਾਰ ਉਰਫ਼ ਚੀਕੂ ਸ਼ਾਮਲ ਹਨ।
ਸੈਕਟਰ-39 ਥਾਣੇ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਹੋਰ ਮੁਲਜ਼ਮਾਂ ’ਚ ਰਿਸ਼ੀ, ਉਸ ਦਾ ਭਰਾ ਮੁਕੱਦਰ, ਕਵੀਲ ਉਰਫ਼ ਕਵੀ ਵਾਸੀ ਡੱਡੂਮਾਜਰਾ ਸ਼ਾਮਲ ਹਨ।