ਪੱਤਰ ਪ੍ਰੇਰਕ
ਚੰਡੀਗੜ੍ਹ, 29 ਮਈ
ਅੱਜ ਕਰੋਨਾ ਕਾਰਨ ਸ਼ਹਿਰ ਵਿੱਚ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 163 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ 450 ਮਰੀਜ਼ਾਂ ਨੂੰ ਆਪਣੇ ਘਰੇਲੂ ਇਕਾਂਤਵਾਸ ਤੋਂ ਠੀਕ ਹੋਣ ਉਪਰੰਤ ਡਿਸਚਾਰਜ ਵੀ ਕਰ ਕਰ ਦਿੱਤਾ ਗਿਆ ਹੈ। ਵੱਖ-ਵੱਖ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਵੀ ਘਟੀ ਹੈ ਅਤੇ ਕੁੱਲ ਅੰਕੜਾ ਘਟ ਕੇ 2466 ਰਹਿ ਗਿਆ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 233 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਅੱਜ 5 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ।
ਪੰਚਕੂਲਾ (ਪੀ.ਪੀ ਵਰਮਾ): ਪੰਚਕੂਲਾ ਵਿੱਚ ਅੱਜ 106 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ ਜ਼ਿਲ੍ਹੇ ਵਿੱਚ ਕਰੋਨਾ ਕਾਰਨ 4 ਮੌਤਾਂ ਹੋਈਆਂ ਹਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਜ਼ਿਲ੍ਹੇ ਵਿੱਚ ਕਰੋਨਾ ਕਾਰਨ ਅੱਜ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 60 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਕਰੋਨਾ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 51 ਨਵੇਂ ਮਾਮਲੇ ਸਾਹਮਣੇ ਆਏ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 89 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ ਜਦੋਂਕਿ ਸ੍ਰੀ ਚਮਕੌਰ ਸਾਹਿਬ ਵਿੱਚ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।
ਹਫ਼ਤਾਵਰੀ ਤਾਲਾਬੰਦੀ ਦੀ ਉਲੰਘਣਾ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਚੰਡੀਗੜ੍ਹ: ਸ਼ਹਿਰ ਦੇ ਬਾਜ਼ਾਰਾਂ ਵਿੱਚ ਅੱਜ ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ ਪਰ ਸੜਕਾਂ ’ਤੇ ਆਵਾਜਾਈ ਆਮ ਦਿਨਾਂ ਵਾਂਗ ਜਾਰੀ ਰਹੀ। ਪੁਲੀਸ ਨੇ ਸ਼ਹਿਰ ’ਚ ਦਰਜਨ ਦੇ ਕਰੀਬ ਥਾਵਾਂ ’ਤੇ ਨਾਕਾਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ। ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਬਿਨਾਂ ਕੰਮ ਤੋਂ ਬਾਹਰ ਘੁੰਮਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 118 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਹਨ। ਪੁਲੀਸ ਨੇ ਉਕਤ ਵਿਅਕਤੀਆਂ ਤੋਂ 50,000 ਰੁਪਏ ਵਸੂਲ ਕੀਤੇ ਹਨ। ਪੁਲੀਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 17 ਜਣਿਆਂ ਦੇ ਚਾਲਾਨ ਕੀਤੇ ਹਨ ਜਦਕਿ 2 ਜਣਿਆਂ ਦੇ ਵਾਹਨ ਜ਼ਬਤ ਕਰ ਲਏ ਗਏ ਹਨ। ਇਸ ਤੋਂ ਇਲਾਵਾ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 187 ਨੂੰ ਹਿਰਾਸਤ ਵਿੱਚ ਲਿਆ ਹੈ। -ਟ੍ਰਿਬਿਊਨ ਨਿਊਜ਼ ਸਰਵਿਸ
ਨੇਤਾਗਿਰੀ ਚਮਕਾਉਣ ਦੇ ਚੱਕਰ ਵਿੱਚ ਕਰੋਨਾ ਨਿਯਮ ਭੁੱਲੇ ਆਗੂ
ਚੰਡੀਗੜ੍ਹ: ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਯੂ.ਟੀ. ਦੇ ਖੁਰਾਕ ਸਪਲਾਈ ਵਿਭਾਗ ਵੱਲੋਂ ਰਜਿਸਟਰਡ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਵੰਡਣ ਦੀ ਕੀਤੀ ਗਈ ਸ਼ੁਰੂਆਤ ਸ਼ਹਿਰ ਵਿੱਚ ਕਰੋਨਾ ਮੁੜ ਫੈਲਾਉਣ ਨੂੰ ਅੰਜਾਮ ਦੇ ਰਹੀ ਜਾਪਦੀ ਹੈ। ਸੈਕਟਰ 56 ਚੰਡੀਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਰਾਸ਼ਨ ਵੰਡਣ ਸਮੇਂ ਲੋਕਾਂ ਦੇ ਵੱਡੀ ਗਿਣਤੀ ਵਿੱਚ ਇਕੱਠ ਨੇ ਯੂ.ਟੀ. ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਸਖ਼ਤੀ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ। ਰਾਸ਼ਨ ਲੈਣ ਤੋਂ ਪਹਿਲਾਂ ਆਧਾਰ ਕਾਰਡ ਦਿਖਾ ਕੇ ਪਰਚੀ ਲੈਣ ਮੌਕੇ ਹੀ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ। ਪ੍ਰਬੰਧਕਾਂ ਵੱਲੋਂ ਵੀ ਕੋਈ ਲਾਈਨਾਂ ਆਦਿ ਨਹੀਂ ਬਣਵਾਈਆਂ ਗਈਆਂ। ਇਸੇ ਸੈਕਟਰ ਵਿੱਚ ਚਾਰ ਮੰਜ਼ਿਲਾ ਮਕਾਨਾਂ ਵਿੱਚ ਵੀ ਕੁਝ ਸਥਾਨਕ ਸਿਆਸੀ ਵਿਅਕਤੀ ਰਾਸ਼ਨ ਦੀਆਂ ਪਰਚੀਆਂ ਵੰਡਣ ਦੀ ਆੜ ਹੇਠ ਆਪਣੀ ਨੇਤਾਗਿਰੀ ਚਮਕਾ ਰਹੇ ਸਨ ਪਰ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। -ਪੱਤਰ ਪ੍ਰੇਰਕ