ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਦੇ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ 15 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਾਵਨਿਆ ਵਾਸੀ ਨਵਾਂ ਗਾਉਂ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਾਗੰਰਪੁਰ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਵਨਿਆ ਆਪਣੀ ਦੋਸਤ ਦੇ ਘਰ ਜਾ ਰਹੀ ਸੀ, ਉਸੇ ਦੌਰਾਨ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਕਾਰ ਸਵਾਰ ਲੜਕੀਆਂ ਫਰਾਰ ਹੋ ਗਈਆਂ। ਥਾਣਾ ਸਾਰੰਗਪੁਰ ਦੀ ਪੁਲੀਸ ਨੇ ਸੁਰਭੀ (21) ਵਾਸੀ ਓਮੈਕਸ ਸਿਟੀ, ਨਿਊ ਚੰਡੀਗੜ੍ਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸੇ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ’ਤੇ ਜਾਣਬੁਝ ਕੇ ਮਾਮਲੇ ਨੂੰ ਲਟਕਾਉਣ ਦੇ ਦੋਸ਼ ਲਗਾਏ ਹਨ। ਥਾਣਾ ਸਾਰੰਗਪੁਰ ਦੇ ਐੱਸਐੱਚਓ ਰੋਹਿਤ ਕੁਮਾਰ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸੇ ਵਿਚ ਇੱਕ ਹਲਾਕ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਲੰਘੀ ਰਾਤ ਅੰਬਾਲਾ ਛਾਉਣੀ ਦੀ ਏਅਰਫੋਰਸ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਗੌਰਵ (32) ਪੁੱਤਰ ਮਰਹੂਮ ਸੁਰਿੰਦਰ ਪਾਲ ਵਾਸੀ ਮਹਿਤਾ ਵਾਲੀ ਗਲੀ ਬਬਿਆਲ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਚਚੇਰੇ ਭਰਾ ਚੰਦਰ ਪ੍ਰਕਾਸ਼ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।