ਕੁਲਦੀਪ ਸਿੰਘ
ਚੰਡੀਗੜ੍ਹ, 16 ਅਗਸਤ
ਸ਼ਹਿਰ ਵਿੱਚ ਕਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ ਵਧ ਕੇ 2102 ਹੋ ਗਿਆ ਹੈ ਤੇ ਬੀਤੇ ਦੋ ਦਿਨਾਂ ਵਿੱਚ ਕੁੱਲ 174 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਵਿੱਚੋਂ ਸੈਕਟਰ 40 ਵਾਸੀ 87 ਸਾਲਾਂ ਦੇ ਬਿਰਧ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਊਹ ਹਾਈਪਰਟੈਨਸ਼ਨ, ਡਾਇਬਿਟੀਜ਼ ਸਮੇਤ ਹੋਰ ਕਈ ਬਿਮਾਰੀਆਂ ਨਾਲ ਜੂਝ ਰਿਹਾ ਸੀ। ਉਹ ਪੀ.ਜੀ.ਆਈ. ਵਿਚ ਇਲਾਜ ਅਧੀਨ ਸੀ ਜਿਸ ਦੀ ਅੱਜ ਮੌਤ ਹੋ ਗਈ।
ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਸਾਹਮਣੇ ਆਏ ਨਵੇਂ ਮਰੀਜ਼ ਸੈਕਟਰ 4, 7, 8, 12, 14, 15, 18, 20, 21, 22, 23, 24, 26, 27, 29, 32, 33, 34, 35, 37, 38, 38-ਵੈਸਟ, 39, 40, 41, 42, 45, 47, 48, 49, 50, 52, 56, 63, ਹੱਲੋਮਾਜਰਾ, ਮਨੀਮਾਜਰਾ, ਮਲੋਆ, ਰਾਮ ਦਰਬਾਰ, ਇੰਡਸਟਰੀਅਲ ਏਰੀਆ, ਕਿਸ਼ਨਗੜ੍ਹ, ਡੱਡੂਮਾਜਰਾ, ਖੁੱਡਾ ਲਾਹੌਰਾ, ਧਨਾਸ, ਪਲਸੌਰਾ, ਫੈਦਾਂ, ਮੌਲੀ ਜਾਗਰਾਂ, ਕਜਹੇੜੀ, ਬਾਪੂਧਾਮ ਕਲੋਨੀ ਅਤੇ ਦੜੂਆ ਪਿੰਡਾਂ ਦੇ ਵਸਨੀਕ ਹਨ। ਇਸ ਤੋਂ ਇਲਾਵਾ ਦੋ ਦਿਨਾਂ ਵਿੱਚ 46 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਡਿਸਚਾਰਜ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1137 ਹੋ ਗਈ ਹੈ ਤੇ ਵਾਇਰਸ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 29 ਹੋ ਗਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 934 ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਸ਼ਹਿਰ ਦੇ ਵਾਰਡ ਨੰਬਰ ਅੱਠ ਦੇ ਨੌਜਵਾਨ ਦੇ ਕਰੋਨਾ ਪੀੜਤ ਹੋਣ ਮਗਰੋਂ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਐੱਸਐੱਮਓ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਪੀੜਤ ਦੇ ਪਿਤਾ ਨੂੰ ਬੁਖਾਰ ਹੋਣ ਕਾਰਨ ਗਿਆਨ ਸਾਗਰ ਹਸਪਤਾਲ ਭੇਜਿਆ ਗਿਆ ਹੈ ਤੇ ਬਾਕੀ ਤਿੰਨ ਪੀੜਤਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ 56 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 42 ਮਰੀਜ਼ ਪੰਚਕੂਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਬਾਕੀ ਮਰੀਜ਼ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਵਸਨੀਕ ਹਨ। ਇਸ ਤੋਂ ਇਲਾਵਾ ਪੰਚਕੂਲਾ ਜ਼ਿਲ੍ਹੇ ਵਿੱਚ 15 ਅਗਸਤ ਨੂੰ 57 ਨਵੇਂ ਕੇਸ ਸਾਹਮਣੇ ਆਏ ਸਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਵਿਚ ਬੀਤੇ ਦਿਨ ਕਰੋਨਾ ਦੇ 55 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ ਤੇ ਅੱਜ 68 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2569 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 82 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ।
ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਔਰਤਾਂ ਦੀ ਮੌਤ; 68 ਨਵੇਂ ਕੇਸ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ 68 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1809 ’ਤੇ ਪਹੁੰਚ ਗਈ ਹੈ। ਅੱਜ ਤਿੰਨ ਹੋਰ ਕਰੋਨਾ ਪੀੜਤ ਔਰਤਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 36 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 48 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਇੱਥੋਂ ਦੇ ਸੈਕਟਰ-91 ਦੀ 53 ਸਾਲਾਂ ਦੀ ਔਰਤ ਸ਼ਾਮਲ ਹੈ, ਜੋ ਪੀਐਮਸੀਐਚ ਪਟਿਆਲਾ ਵਿੱਚ ਜ਼ੇਰੇ ਇਲਾਜ ਸੀ। ਉਹ ਤਣਾਅ ਅਤੇ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਸੀ। ਇੰਜ ਹੀ ਡੇਰਾਬੱਸੀ ਦੀ 25 ਸਾਲਾਂ ਦੀ ਲੜਕੀ, ਜੋ ਪੀਜੀਆਈ ਵਿੱਚ ਦਾਖ਼ਲ ਸੀ ਅਤੇ 35 ਸਾਲਾਂ ਦੀ ਔਰਤ ਲਾਲੜੂ ਦੀ ਵਸਨੀਕ ਸੀ, ਜੋ ਸਿਵਲ ਹਸਪਤਾਲ ਅੰਬਾਲਾ ਵਿੱਚ ਜ਼ੇਰੇ ਇਲਾਜ ਸੀ। ਉਹ ਸ਼ੂਗਰ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 824 ਨਵੇਂ ਕੇਸ ਐਕਟਿਵ ਹਨ ਜਦੋਂਕਿ 949 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਇਸੇ ਦੌਰਾਨ ਸ਼ਕਤੀ ਨਗਰ ਡੇਰਾਬੱਸੀ ਦੀ 55 ਸਾਲਾਂ ਦੀ ਔਰਤ ਦਾ ਅੱਜ ਸ਼ਾਮ ਮੁਹਾਲੀ ਵਿੱਚ ਐਨਜੀਓ ਦੇ ਸਹਿਯੋਗ ਨਾਲ ਬਿਜਲਈ ਸਸਕਾਰ ਕੀਤਾ ਗਿਆ।
ਕਰੋਨਾ ਕਾਰਨ ਏਐੱਸਆਈ ਦੀ ਮੌਤ
ਫਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ) : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਡਿਊਟੀ ਨਿਭਾਅ ਰਹੇ ਏਐੱਸਆਈ ਦਵਿੰਦਰ ਸਿੰਘ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਖ਼ੁਦ ਹੀ ਕਰੋਨਾ ਦੀ ਲਪੇਟ ਵਿਚ ਆ ਗਏ ਜਿਸ ਕਾਰਨ ਬੀਤੇ ਦਿਨ ਉਨ੍ਹਾਂ ਦੀ ਮੌਤ ਹੋ ਗਈ ਹੈ। ਦਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਪਿੰਡ ਅੱਤੇਵਾਲੀ ਦੀ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ।