ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਈ
ਇੱਥੋਂ ਦੇ ਸੈਕਟਰ 47-ਏ ਦੇ ਵਸਨੀਕ ਤੋਂ ਇਲਾਕੇ ਦਾ ਪਿਨ ਕੋਡ ਪਤਾ ਕਰਨ ਦੇ ਨਾਮ ’ਤੇ ਉਸ ਦੇ ਬੈਂਕ ਖਾਤੇ ਵਿੱਚੋਂ ਧੋਖਾਧੜੀ ਨਾਲ 2.88 ਲੱਖ ਰੁਪਏ ਕਢਵਾ ਲਏ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-31 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਧਰਮਿੰਦਰ ਕੁਮਾਰ ਪਾਠਕ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੋਰੀਅਰ ਕੰਪਨੀ ਵੱਲੋਂ ਕੋਰੀਅਰ ਡਿਲੀਵਰ ਕਰਨ ਲਈ ਇਲਾਕੇ ਦਾ ਪਿਨ ਕੋਡ ਪਤਾ ਕਰਨ ਵਾਸਤੇ ਫੋਨ ਕੀਤਾ ਗਿਆ। ਉਸ ਤੋਂ ਬਾਅਦ ਇਕ ਲਿੰਕ ਭੇਜ ਕੇ ਖੁ਼ਦ ਹੀ ਰਜਿਸਟਰ ਕਰਨ ਲਈ ਕਹਿ ਦਿੱਤਾ ਗਿਆ। ਉਸ ਨੇ ਜਦੋਂ ਲਿੰਕ ਨੂੰ ਖੋਲ੍ਹਿਆ ਤਾਂ ਉਸ ਦੇ ਬੈਂਕ ਖਾਤੇ ਵਿੱਚੋਂ 2.88 ਲੱਖ ਰੁਪਏ ਨਿਕਲ ਗਏ। ਥਾਣਾ ਸੈਕਟਰ 31 ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਮਾਈ ਦੇ ਲਾਲਚ ’ਚ 42 ਹਜ਼ਾਰ ਗੁਆਏ: ਚੰਡੀਗੜ੍ਹ ਵਿੱਚ ਰਹਿਣ ਵਾਲੀ ਮੁਟਿਆਰ ਨੇ 4-5 ਹਜ਼ਾਰ ਰੁਪਏ ਰੋਜ਼ ਕਮਾਉਣ ਦੇ ਲਾਲਚ ਵਿੱਚ 42,469 ਰੁਪਏ ਗਵਾ ਦਿੱਤੇ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ 39 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੇ ਇੰਸਟਾਗਰਾਮ ’ਤੇ 4-5 ਹਜ਼ਾਰ ਰੁਪਏ ਰੋਜ਼ ਕਮਾਉਣ ਦਾ ਇਸ਼ਤਿਹਾਰ ਦੇਖ ਕੇ ਸੰਪਰਕ ਕੀਤਾ ਤਾਂ ਇਕ ਵਿਅਕਤੀ ਨੇ 42,469 ਰੁਪਏ ਬਤੌਰ ਰਜਿਸਟਰੇਸ਼ਨ ਫੀਸ ਜਮ੍ਹਾਂ ਕਰਵਾ ਲਏ। ਇਸ ਤੋਂ ਬਾਅਦ ਇਸ ਵਿਅਕਤੀ ਨੇ ਨਾ ਤਾਂ ਕੋਈ ਕੰਮ ਦਿਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਗਰੋਂ ਨੌਸਰਬਾਜ਼ ਨੇ ਸ਼ਿਕਾਇਤਕਰਤਾ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਪੁਲੀਸ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ ਠੱਗੇ
ਚੰਡੀਗੜ੍ਹ ਦੇ ਸੈਕਟਰ 38-ਏ ਵਿੱਚ ਰਹਿਣ ਵਾਲੇ ਸੁਖਬੀਰ ਸਿੰਘ ਨਾਲ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਇਸ ਬਾਰੇ ਸੁਖਬੀਰ ਨੇ ਥਾਣਾ ਸੈਕਟਰ-39 ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕਿਸੇ ਨੇ ਉਸ ਨੂੰ ਸਿਟੀ ਬੈਂਕ ਦਾ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।