ਪੱਤਰ ਪ੍ਰੇਰਕ
ਖਰੜ, 26 ਸਤੰਬਰ
ਪੁਲੀਸ ਨੇ ਪਿੰਡ ਰਡਿਆਲਾ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਚ ਜਬਰਨ ਵਿਅਕਤੀਆਂ ਨੂੰ ਕਮਰੇ ’ਚ ਬੰਦ ਕਰਕੇ ਰੱਖਣ ਤੇ ਨਸ਼ੀਲੀਆਂ ਗੋਲੀਆਂ ਦਿੱਤੇ ਜਾਣ ਦੇ ਦੋਸ਼ ਅਧੀਨ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਵਿਰੁੱਧ ਧਾਰਾ 342 ਆਈ.ਪੀ.ਸੀ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ ਕੀਤਾ ਹੈ। ਖਰੜ ਸਦਰ ਥਾਣੇ ਦੇ ਐੱਸ.ਆਈ ਜਸਮੇਰ ਸਿੰਘ ਨੇ ਦੱਸਿਆ ਕਿ 23 ਸਤੰਬਰ ਨੂੰ ਡਾਕਟਰ ਨਿਤਨ ਮੈਡੀਕਲ ਅਫਸਰ ਸਿਵਲ ਹਸਪਤਾਲ ਖਰੜ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਰਡਿਆਲਾ ਵਿੱਚ ਨਸ਼ਾ ਛੁਡਾਊ ਕੇਂਦਰ ’ਚ ਜਬਰਨ ਵਿਅਕਤੀਆਂ ਨੂੰ ਬੰਦ ਕਰਕੇ ਰੱਖਿਆ ਗਿਆ ਹੈ ਤੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਵੱਲੋਂ ਸਿਵਲ ਸਰਜਨ ਮੁਹਾਲੀ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਤੇ ਜ਼ਿਲ੍ਹਾ ਪੱਧਰੀ ਕਮੇਟੀ ਨੂੰ ਵੀ ਪਹੁੰਚਣ ਲਈ ਕਿਹਾ ਗਿਆ।
ਪੁਲੀਸ ਨੇ ਤੁਰੰਤ ਉਨ੍ਹਾਂ ਦੀ ਸੂਚਨਾ ’ਤੇ ਕੇਸ ਦਰਜ ਕਰਕੇ ਕਾਰਵਾਈ ਕੀਤੀ। ਇਸੇ ਦੌਰਾਨ ਉਥੇ ਹੋਰ ਡਾਕਟਰ ਅਤੇ ਗਜਟਿਡ ਅਫਸਰ ਵੀ ਪਹੁੰਚ ਗਏ। ਪੁਲੀਸ ਨੇ ਦੇਖਿਆ ਕਿ ਭਾਵੇਂ ਪਹਿਲਾਂ ਉਨ੍ਹਾਂ ਦਾ ਦਫ਼ਤਰ ਪਿੰਡ ਰਡਿਆਲਾ ਵਿੱਚ ਸੀਲ ਕੀਤਾ ਹੋਇਆ ਸੀ ਪਰ ਇਸ ਕੇਂਦਰ ਵੱਲੋਂ ਇੱਕ ਹੋਰ ਦਰਵਾਜ਼ਾ ਖੋਲ੍ਹ ਕੇ ਦਫ਼ਤਰ ਚਲਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਜਦੋਂ ਛਾਪਾ ਮਾਰਿਆ ਤਾਂ 6 ਵਿਅਕਤੀ ਉਥੇ ਮੌਜੂਦ ਮਿਲੇ ਜਿਨ੍ਹਾਂ ਨੂੰ ਬੰਦ ਰੱਖਿਆ ਗਿਆ ਸੀ।
ਪੁਲੀਸ ਨੇ ਇਨ੍ਹਾਂ ਦੋਨੋਂ ਵਿਅਕਤੀਆਂ ਭਗਵਾਨ ਸਿੰਘ ਤੇ ਵਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅੱਜ 2 ਦਿਨ ਦੇ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਦੁਬਾਰ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਨ੍ਹਾਂ ਨੂੰ 1 ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।