ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿਤ ਤੌਰ ’ਤੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ ਅੱਜ ਗਿਆਰਵੇਂ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਅਤੇ ਕਿਸਾਨਾਂ ਨੇ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਕਰੀਆਂ ਬਹਾਲ ਕਰਨ ਦੀ ਮੰਗ ਕੀਤੀ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ, ਮਨਪ੍ਰੀਤ ਸਿੰਘ, ਮੁਸ਼ਤਾਕ ਖਾਨ ਅਤੇ ਕੈਲਾਸ਼ ਚੰਦਰ ਨੇ ਕਿਹਾ ਕਿ ਭਾਕਿਯੂ ਉਗਰਾਹਾਂ ਦੀ ਸੂਬਾਈ ਕਮੇਟੀ ਕਰਨਾਲ ਧਰਨੇ ਵਿੱਚ ਰੁੱਝੀ ਹੋਣ ਕਰਕੇ ਅੱਜ ਹੋਣ ਵਾਲ ਨਵੇਂ ਸੰਘਰਸ਼ ਦਾ ਐਲਾਨ ਅੱਗੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਪੰਜਾਬ ਵਿਚਲੇ ਬੈਸਟ ਪ੍ਰਾਈਸ ਸਟੋਰਾਂ ਨੂੰ ਹੁਣ ਬੈਸਟ ਪ੍ਰਾਈਸ ਵੇਅਰ ਹਾਊਸ ਬਣਾ ਕੇ ਗਾਹਕਾਂ ਨੂੰ ਫਿਲਿਪ ਕਾਰਡਾਂ ਰਾਹੀਂ ਆਨਲਾਈਨ ਸਾਮਾਨ ਵੇਚਣ ਦੀ ਯੋਜਨਾ ਹੈ। ਇਸ ਤਹਿਤ ਸਥਾਨਕ ਬੈਸਟ ਪ੍ਰਾਈਸ ਵੇਅਰ ਹਾਊਸ ਲਈ ਕਰੀਬ 250 ਮੁਲਾਜ਼ਮਾਂ ਦੀ ਲੋੜ ਹੈ, ਜਿਸ ਵਿੱਚ ਨੌਕਰੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ।