ਲਾਲੜੂ (ਪੱਤਰ ਪ੍ਰੇਰਕ): ਲਾਲੜੂ ਮੰਡੀ ਵਿੱਚ ਇਕ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਗਏ ਇਕ ਬਜ਼ੁਰਗ ਨਾਲ ਠੱਗਾਂ ਨੇ ਧੋਖੇ ਨਾਲ ਕਾਰਡ ਬਦਲ ਕੇ 20 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ 60 ਸਾਲਾ ਬਜ਼ੁਰਗ ਅਜੈਬ ਸਿੰਘ ਨਿਵਾਸੀ ਰਾਮਗੜ੍ਹ ਰੁੜਕੀ ਨੇ ਦੱਸਿਆ ਕਿ ਉਹ ਲਾਲੜੂ ਮੰਡੀ ਵਿੱਚ ਘਰੇਲੂ ਸਾਮਾਨ ਖਰੀਦਣ ਲਈ ਆਇਆ ਸੀ ਅਤੇ ਇਸੇ ਦੌਰਾਨ ਸੁਵਿਧਾ ਕੇਂਦਰ ਕੋਲ ਬਣੇ ਏਟੀਐਮ ਤੋਂ ਕਾਰਡ ਰਾਹੀਂ ਪੈਸੇ ਕਢਵਾਉਣ ਲਈ ਪਿੰਨ ਨੰਬਰ ਪਾ ਰਿਹਾ ਸੀ, ਇਸੇ ਸਮੇਂ ਪਿੱਛੇ ਖੜ੍ਹੇ ਇਕ ਨੌਜਵਾਨ ਨੇ ਬਜ਼ੁਰਗ ਨੂੰ ਆਪਣੇ ਵੱਲ ਕਰਦੇ ਹੋਏ ਕਿਹਾ ਕਿ ਏਟੀਐਮ ਵਿੱਚ ਪੈਸੇ ਨਹੀਂ ਹਨ, ਲਿਆਓ ਮੈਂ ਕੱਢ ਦਿੰਦਾ ਹਾਂ। ਇੰਨੇ ਵਿੱਚ ਨੌਜਵਾਨ ਨੇ ਬੜੀ ਹੁਸ਼ਿਆਰੀ ਨਾਲ ਏ.ਟੀ.ਐਮ ਕਾਰਡ ਬਦਲ ਲਿਆ। ਜਿਵੇਂ ਹੀ ਬਜ਼ੁਰਗ ਰਾਸ਼ਨ ਦੀ ਦੁਕਾਨ ’ਤੇ ਪੁੱਜਾ ਤਾਂ ਉਸ ਨੇ ਆਪਣੇ ਫੋਨ ਦਾ ਮੈਸਜ਼ ਦੁਕਾਨਦਾਰ ਨੂੰ ਦਿਖਾਇਆ, ਜਿਸ ’ਤੇ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਖਾਤੇ ਵਿਚੋਂ 10 ਹਜ਼ਾਰ ਰੁਪਏ ਨਿਕਲ ਚੁੱਕੇ ਹਨ, ਇਸੇ ਦੌਰਾਨ ਇਕ ਹੋਰ ਮੈਸਜ 10 ਹਜ਼ਾਰ ਰੁਪਏ ਕੱਢਣ ਦਾ ਆਇਆ, ਬਜ਼ੁਰਗ ਨੇ ਤੁਰੰਤ ਪੁਲੀਸ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।