ਹਰਜੀਤ ਸਿੰਘ
ਡੇਰਾਬੱਸੀ, 14 ਦਸੰਬਰ
ਹਲਕਾ ਡੇਰਾਬੱਸੀ ਤੋਂ ਵਿਧਾਇਕ ਐਨ.ਕੇ. ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਆਪਣੀ ਹਾਰ ਨੂੰ ਦੇਖਦਿਆਂ ਅਕਾਲੀ ਸਮਰਥਕਾਂ ਦੀਆਂ 21 ਹਜ਼ਾਰ ਤੋਂ ਵਧ ਵੋਟਾਂ ਵੋਟਰ ਸੂਚੀ ਵਿੱਚੋਂ ਨਾਜਾਇਜ਼ ਤੌਰ ‘ਤੇ ਕੱਟ ਕੇ ਆਪਣੀ ਹਾਰ ਕਬੂਲ ਲਈ ਹੈ। ਇਸ ਸਬੰਧੀ ਸ੍ਰੀ ਸ਼ਰਮਾ ਵੱਲੋਂ ਅੱਜ ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਨੂੰ ਸ਼ਿਕਾਇਤ ਕੀਤੀ ਗਈ। ਸ੍ਰੀ ਸ਼ਰਮਾ ਨੇ ਅੱਗੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਚੋਣਾਂ ਜਿੱਤਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੋਝੇ ਹੱਥਕੰਢੇ ਅਪਣਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਨੇ 1 ਜਨਵਰੀ 2021 ਦੀ ਵੋਟਰ ਸੂਚੀ ਆਧਾਰ ਮੰਨ ਕੇ ਜਿਹੜੀਆਂ ਲਿਸਟਾਂ ਪ੍ਰਕਾਸ਼ਿਤ ਕੀਤੀਆਂ ਹਨ ਉਸ ਵਿਚ ਸਰੇਆਮ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਕਾਂਗਰਸੀ ਆਗੂਆਂ ਦੇ ਇਸ਼ਾਰੇ ‘ਤੇ ਲੜੀ ਨੰਬਰ ਨੂੰ ਤੋੜ ਕੇ ਮਨਮਰਜ਼ੀ ਨਾਲ ਵੋਟਾਂ ਦੂਜੇ ਵਾਰਡਾਂ ਵਿਚ ਤਬਦੀਲ ਕਰ ਦਿੱਤੀ ਗਈ ਹਨ। ਇਸ ਸਬੰਧੀ ਸ੍ਰੀ ਸ਼ਰਮਾ ਵੱਲੋਂ ਸਬੂਤਾਂ ਸਮੇਤ ਐਸ.ਡੀ.ਐਮ. ਡੇਰਾਬੱਸੀ ਨੂੰ ਸ਼ਿਕਾਇਤ ਦਿੱਤੀ। ਉਨ੍ਹਾਂ ਸਬੂਤਾਂ ਦੇ ਆਧਾਰ ‘ਤੇ ਦੱਸਿਆ ਕਿ ਘੋਖ ਪੜਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਜ਼ੀਰਕਪੁਰ 31 ਵਾਰਡਾਂ ਵਿਚੋਂ 10 ਹਜ਼ਾਰ 950 ਵੋਟਾਂ ਕੱਟੀਆਂ ਗਈਆਂ ਜਿਨ੍ਹਾਂ ਵਿਚ 10-12 ਸਾਬਕਾ ਕੌਂਸਲਰ ਵੀ ਹਨ ਜਿਨ੍ਹਾਂ ਦੀ ਪਰਿਵਾਰ ਸਮੇਤ ਵੋਟਾਂ ਕੱਟ ਦਿੱਤੀਆਂ ਗਈਆਂ ਤਾਂ ਕਿ ਉਹ ਚੋਣ ਹੀ ਨਾ ਲੜ ਸਕਣ। ਇਸੇ ਤਰ੍ਹਾਂ ਡੇਰਾਬੱਸੀ ਦੇ ਵੱਖ ਵੱਖ ਵਾਰਡਾਂ ਵਿਚੋਂ 6522 ਵੋਟਾਂ ਅਤੇ ਲਾਲੜੂ ਖੇਤਰ ਵਿਚ 2534 ਵੋਟਾਂ ਜਾਂ ਤਾਂ ਕੱਟ ਦਿੱਤੀਆਂ ਹਨ ਅਤੇ ਜਾਂ ਹੋਰਨਾਂ ਵਾਰਡਾਂ ਵਿੱਚ ਤਬਦੀਲ ਕਰ ਦਿੱਤੀ ਗਈਆਂ। ਉਨ੍ਹਾਂ ਮੰਗ ਕੀਤੀ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਵੋਟਰ ਸੂਚੀਆਂ ਨੂੰ ਰੱਦ ਕੀਤਾ ਜਾਵੇ ਤੇ ਵੋਟਾਂ ਕੱਟਣ ਵਾਲੇ ਅਫਸਰਾਂ ਅਤੇ ਲੀਡਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਉਹ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ। ਇਸ ਮੌਕੇ ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਛੇਤੀ ਵੋਟਰ ਸੂਚੀਆਂ ਦੀ ਪੜਤਾਲ ਕਰਨ ਮਗਰੋਂ ਜੇਕਰ ਕੋਈ ਕਮੀ ਪਾਈ ਗਈ ਤਾਂ ਦਰੁਸਤੀ ਕੀਤੀ ਜਾਏਗੀ। ਗੱਲ ਕਰਨ ’ਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਸ਼ਰਮਾ ਨੂੰ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੀ ਹੋਣ ਵਾਲੀ ਕਿਰਕਿਰੀ ਤੋਂ ਬਚਣ ਲਈ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰ ਸੂਚੀਆਂ ਦਾ ਕਮ ਪ੍ਰਸਾਸ਼ਨਿਕ ਅਧਿਕਾਰੀ ਪੂਰੀ ਇਮਾਨਦਾਰੀ ਨਾਲ ਕਰ ਰਹੇ ਹਨ।