ਨਿੱਜੀ ਪੱਤਰ ਪੇ੍ਰਕ
ਡੇਰਾਬੱਸੀ, 12 ਅਕਤੂਬਰ
ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਪਿੰਡ ਕੁੜਾਵਾਲਾਂ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਿਸ਼ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿੰਡ ਵਿੱਚ ਅੱਜ ਪੇਚਸ਼ ਦੇ 21 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਅੱਠ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ।
ਪਿੰਡ ਵਿੱਚ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 68 ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇ ਬਾਹਰਲੇ ਪਾਸੇ ਲੇਬਰ ਕੁਆਰਟਰਾਂ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਿਸ਼ ਫੈਲ ਗਿਆ ਹੈ। ਇਥੇ ਲੋਕਾਂ ਨੂੰ ਦਸਤ, ਉਲਟੀਆਂ ਅਤੇ ਟੱਟੀਆਂ ਦੀ ਸ਼ਿਕਾਇਤ ਆ ਰਹੀ ਹੈ ਜਿਸ ਮਗਰੋਂ ਸਿਹਤ ਵਿਭਾਗ ਨੇ ਹਰਕਤ ਵਿੱਚ ਆਉਂਦੇ ਹੋਏ ਪਿੰਡ ਵਿੱਚ ਕੈਂਪ ਲਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪਿੰਡ ਵਿੱਚ ਲਾਏ ਕੈਂਪ ਵਿੱਚ ਕੁੱਲ 92 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 10 ਮਰੀਜ਼ਾਂ ਨੂੰ ਪੇਚਿਸ਼ ਦੀ ਪੁਸ਼ਟੀ ਹੋਈ। 208 ਘਰਾਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ ਜਿਸ ਦੌਰਾਨ 11 ਮਰੀਜ਼ ਪੇਚਿਸ਼ ਦੇ ਸਾਹਮਣੇ ਆਏ। ਚਾਰ ਲੋਕਾਂ ਦੇ ਖੂਨ ਦੇ ਸੈਂਪਲ ਲਏ ਗਏ ਜਦਕਿ ਦੋ ਦੇ ਸਟੂਲ ਸੈਂਪਲ ਲੈ ਕੇ ਲੈਬ ਵਿੱਚ ਭੇਜੇ ਗਏ।