ਕੁਲਦੀਪ ਸਿੰਘ
ਚੰਡੀਗੜ੍ਹ, 1 ਨਵੰਬਰ
ਦੀਵਾਲੀ ਦੀ ਰਾਤ ਚੰਡੀਗੜ੍ਹ ਸਣੇ ਗੁਆਂਢੀ ਸੂਬਿਆਂ ਤੋਂ ਪਟਾਕਿਆਂ ਕਾਰਨ ਵਾਪਰੀਆਂ ਦੁਰਘਟਨਾਵਾਂ ਵਿੱਚ ਸੜੇ 21 ਮਰੀਜ਼ ਪੀਜੀਆਈ ਵਿੱਚ ਇਲਾਜ ਲਈ ਪਹੁੰਚੇ। ਇਨ੍ਹਾਂ ਵਿੱਚੋਂ 8 ਮਰੀਜ਼ ਚੰਡੀਗੜ੍ਹ, 4 ਪੰਜਾਬ, 4 ਹਰਿਆਣਾ, 1 ਹਿਮਾਚਲ ਪ੍ਰਦੇਸ਼, 1 ਉੱਤਰ ਪ੍ਰਦੇਸ਼ ਅਤੇ ਇੱਕ ਮਰੀਜ਼ ਰਾਜਸਥਾਨ ਤੋਂ ਸੀ। ਪੀਜੀਆਈ ਦੇ ਐਡਵਾਂਸਡ ਆਈ ਸੈਂਟਰ, ਐਡਵਾਂਸਡ ਟਰੌਮਾ ਸੈਂਟਰ ਅਤੇ ਪਲਾਸਟਿਕ ਸਰਜਰੀ ਵਿਭਾਗ ਵਿੱਚ ਇਨ੍ਹਾਂ ਮਰੀਜ਼ਾਂ ਦੇ ਇਲਾਜ ਕੀਤੇ ਗਏ। ਇੱਥੇ 24 ਘੰਟੇ ਡਾਕਟਰ, ਨਰਸਾਂ ਅਤੇ ਸਟਾਫ਼ ਤਾਇਨਾਤ ਕੀਤਾ ਗਿਆ ਸੀ।
ਵੇਰਵਿਆਂ ਮੁਤਾਬਕ ਪੀਜੀਆਈ ਵਿੱਚ ਇਲਾਜ ਲਈ ਪਹੁੰਚੇ ਕੁੱਲ 21 ਮਰੀਜ਼ਾਂ ਵਿੱਚੋਂ 12 ਬੱਚੇ ਸਨ। ਇਨ੍ਹਾਂ ਵਿੱਚੋਂ ਕਰੀਬ 14 ਸਾਲ ਦੀ ਉਮਰ ਦੇ ਸਨ ਅਤੇ ਸਭ ਤੋਂ ਛੋਟੀ 3 ਸਾਲ ਦੀ ਬੱਚੀ ਵੀ ਸ਼ਾਮਲ ਸੀ। ਇਨ੍ਹਾਂ ਵਿੱਚੋਂ ਇੱਕ ਲੜਕੇ ਦਾ ਸੱਜਾ ਪਾਸਾ 30 ਫ਼ੀਸਦੀ ਝੁਲਸਿਆ ਗਿਆ ਸੀ ਅਤੇ ਇੱਕ 16 ਸਾਲ ਦੀ ਲੜਕੀ ਕਰੀਬ 50 ਫ਼ੀਸਦੀ ਸੜ ਗਈ ਸੀ। ਇਨ੍ਹਾਂ ਦੋਵੇਂ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਤਿੰਨ ਕੇਸ ਐਡਵਾਂਸਡ ਟਰੌਮਾ ਸੈਂਟਰ ਦੀ ਓਪੀਡੀ ਵਿੱਚ ਦੇਖਭਾਲ ਅਧੀਨ ਹਨ। ਕੁੱਲ 21 ਮਰੀਜ਼ਾਂ ਵਿੱਚੋਂ 6 ਮਰੀਜ਼ਾਂ ਦੀ ਸਰਜਰੀ ਵੀ ਕੀਤੀ ਗਈ।
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਵਿੱਚ ਦੀਵਾਲੀ ਦੀ ਰਾਤ ਨੂੰ ਨਗਰ ਨਿਗਮ ਦੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਨੂੰ 20 ਐਮਰਜੈਂਸੀ ਕਾਲਾਂ ਪ੍ਰਾਪਤ ਹੋਈਆਂ। ਇਨ੍ਹਾਂ ਘਟਨਾਵਾਂ ਵਿੱਚ ਚਾਰ ਜਣੇ ਮਾਮੂਲੀ ਤੌਰ ’ਤੇ ਜ਼ਖ਼ਮੀ ਵੀ ਹੋਏ। ਪਿਛਲੇ ਸਾਲ ਦੀਵਾਲੀ ’ਤੇ 22 ਐਮਰਜੈਂਸੀ ਕਾਲਾਂ ਦੀ ਰਿਪੋਰਟ ਕੀਤੀ ਗਈ ਸੀ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਦੀ ਕੋਈ ਵੱਡੀ ਘਟਨਾ ਦੀ ਰਿਪੋਰਟ ਨਹੀਂ ਹੋਈ ਕਿਉਂਕਿ ਨਗਰ ਨਿਗਮ ਨੇ ਸ਼ਹਿਰ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਨੂੰ ਰਣਨੀਤਕ ਤੌਰ ’ਤੇ 7 ਫਾਇਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਹਰ ਸਬੰਧਤ ਸਟੇਸ਼ਨ ਫਾਇਰ ਅਫ਼ਸਰ ਦੇ ਅਧਿਕਾਰ ਖੇਤਰ ਵਿੱਚ ਹੈ।
ਕਮਿਸ਼ਨਰ ਨੇ ਕਿਹਾ ਕਿ ਭਾਰੀ ਭੀੜ ਵਾਲੇ ਸਥਾਨਾਂ ਅਤੇ ਕਮਜ਼ੋਰ ਖੇਤਰਾਂ ਵਿੱਚ ਸਟੈਂਡਬਾਏ ਡਿਊਟੀ ਲਈ ਵਿਸ਼ੇਸ਼ ਫਾਇਰ ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਸਥਾਨਾਂ ਵਿੱਚ ਪਟੇਲ ਮਾਰਕੀਟ ਸੈਕਟਰ-15, ਪਲਾਜ਼ਾ ਸੈਕਟਰ-17, ਸਦਰ/ਪਾਲਿਕਾ ਬਾਜ਼ਾਰ ਸੈਕਟਰ-19, ਅਰੋਮਾ ਲਾਈਟ ਪੁਆਇੰਟ, ਸ਼ਾਸ਼ਤਰੀ ਮਾਰਕੀਟ ਸੈਕਟਰ-22, ਅਨਾਜ ਮੰਡੀ ਸੈਕਟਰ-26, ਮੇਨ ਬਾਜ਼ਾਰ ਮਨੀਮਾਜਰਾ ਆਦਿ ਸ਼ਾਮਲ ਹਨ। ਇਨ੍ਹਾਂ ਸਥਾਨਾਂ ’ਤੇ ਤਿਉਹਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ, ਯੂਟੀ ਚੰਡੀਗੜ੍ਹ ਵੱਲੋਂ ਨਿਰਧਾਰਤ 12 ਪਟਾਕੇ ਵਾਲੀਆਂ ਥਾਵਾਂ ’ਤੇ ਫਾਇਰ ਵਾਹਨ ਵੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਤੋਂ 1 ਨਵੰਬਰ ਤੱਕ ਕੰਮਕਾਜੀ ਸਟਾਫ ਦੀ ਛੁੱਟੀ/ ਆਰਾਮ ਸੀਮਤ ਕਰ ਦਿੱਤਾ ਸੀ।
ਪਟਾਕਿਆਂ ਕਾਰਨ ਜ਼ੀਰਕਪੁਰ ਤੇ ਡੇਰਾਬੱਸੀ ਵਿੱਚ 32 ਜਣੇ ਜ਼ਖ਼ਮੀ
ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ): ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਰਾਤ ਹੁੰਦਿਆਂ ਹੀ ਖ਼ੂਬ ਪਟਾਕੇ ਚੱਲੇ। ਪਟਾਕਿਆਂ ਕਾਰਨ ਦੋਵੇਂ ਸ਼ਹਿਰਾਂ ਵਿੱਚ 32 ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਢਕੌਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੰਘੀ ਰਾਤ 9 ਜ਼ਖ਼ਮੀ ਪਹੁੰਚੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਪਟਾਕੇ ਚਲਾਉਂਦੇ ਹੋਏ ਹੱਥ ਸੜਿਆ ਸੀ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਜ਼ਖ਼ਮੀਆਂ ਵਿੱਚ ਅਜਿਹੇ ਮਰੀਜ਼ ਸੀ ਜਿਨ੍ਹਾਂ ਦਾ ਅਨਾਰ ਚਲਾਉਂਦੇ ਹੋਏ ਧਮਾਕਾ ਹੋਣ ਨਾਲ ਹੱਥ ਸੜਿਆ ਸੀ। ਇਸੇ ਤਰ੍ਹਾਂ ਡੇਰਾਬੱਸੀ ਖੇਤਰ ਵਿੱਚ 23 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਵੀ ਜ਼ਿਆਦਾਤਰ ਲੋਕਾਂ ਦੇ ਹੱਥ, ਅੱਖ ਅਤੇ ਹੋਰ ਅੰਗ ਸੜ ਗਏ ਸਨ। ਹਸਪਤਾਲ ਦੇ ਡਾਕਟਰਾਂ ਵੱਲੋਂ ਇਲਾਜ ਕਰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਸਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਵਿੱਚ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ। ਇਸ ਤੋਂ ਇਲਾਵਾ ਜ਼ੀਰਕਪੁਰ ਵਿੱਚ ਪੰਜ ਥਾਵਾਂ ਅਤੇ ਡੇਰਾਬੱਸੀ ਵਿੱਚ ਛੇ ਥਾਵਾਂ ’ਤੇ ਅੱਗ ਲੱਗਣ ਦੀ ਘਟਨਾਵਾਂ ਵਾਪਰੀਆਂ ਜਿਨ੍ਹਾਂ ’ਤੇ ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਤੁਰੰਤ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ ਚੰਡੀਗੜ੍ਹ ਅੰਬਾਲਾ ਮਾਰਗ ’ਤੇ ਸਥਿਤ ਮੈਰੀ ਲੈਂਡ ਹੋਟਲ ਦੇ ਪਿੱਛੇ ਸਥਿਤ ਐਲਪਾਈਨ ਸੁਸਾਇਟੀ ਦੇ ਇਕ ਘਰ ਵਿੱਚ ਦੀਵੇ ਚਲਾਉਣ ਨਾਲ ਅੱਗ ਲੱਗ ਗਈ ਜਿਸ ਕਾਰਨ ਘਰ ਵਿੱਚ ਪਿਆ ਸਾਮਾਨ ਸੜ ਗਿਆ। ਇਸ ਤੋਂ ਇਲਾਵਾ ਚਾਰ ਹੋਰ ਘਟਨਾਵਾਂ ਵਾਪਰੀਆਂ ਜਿੱਥੇ ਘਾਹ-ਫੂਸ ਨੂੰ ਅੱਗ ਲੱਗ ਗਈ। ਇਸੇ ਤਰਾਂ ਡੇਰਾਬੱਸੀ ਵਿੱਚ ਈਸਾਪੁਰ ਸੜਕ ’ਤੇ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਪੰਜ ਹੋਰ ਅੱਗ ਲੱਗਣ ਦੀ ਘਟਨਾਵਾਂ ਵਾਪਰੀਆਂ।
ਦੁਕਾਨ ਅਤੇ ਪਾਰਕਿੰਗ ’ਚ ਖੜ੍ਹੀਆਂ ਕਾਰਾਂ ਨੂੰ ਅੱਗ ਲੱਗੀ
ਅੰਬਾਲਾ (ਰਤਨ ਸਿੰਘ ਢਿੱਲੋਂ): ਦੀਵਾਲੀ ਵਾਲੀ ਰਾਤ ਅੰਬਾਲਾ ਵਿੱਚ ਦੋ ਥਾਵਾਂ ’ਤੇ ਅੱਗ ਲੱਗ ਗਈ। ਇੱਥੋਂ ਦੇ ਸੈਨਾ ਨਗਰ ਵਿਚ ਸਥਿਤ ਕਰਾਕਰੀ ਦੇ ਥੋਕ ਬਾਜ਼ਾਰ ਵਿੱਚ ਇਕ ਦੁਕਾਨ ਸੜ ਗਈ ਤੇ ਸ਼ਹਿਰ ਦੇ ਸ਼ਿਵ ਮੰਦਰ ਕੋਲ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਨੂੰ ਵੀ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਸੈਨਾ ਨਗਰ ਬਾਜ਼ਾਰ ਵਿਚ ਵਿਨਾਇਕ ਐਂਟਰਪ੍ਰਾਈਜਜ਼ ਨਾਂ ਦੀ ਚਾਰ ਮੰਜ਼ਿਲਾ ਦੁਕਾਨ ਨੂੰ ਲੰਘੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ 15 ਮੁਲਾਜ਼ਮਾਂ ਨੇ 4-5 ਗੱਡੀਆਂ ਨਾਲ ਲਗਾਤਾਰ 4 ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫਾਇਰ ਅਫ਼ਸਰ ਤਰਸੇਮ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਕਰੀਬ 11 ਵਜੇ ਮਿਲੀ ਸੀ ਜਿਸ ਤੋਂ ਬਾਅਦ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਰੀਬ 5 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਗੁਆਂਢੀ ਦੁਕਾਨਦਾਰ ਨੀਰਜ ਨਾਗਪਾਲ ਨੇ ਦੱਸਿਆ ਕਿ ਇਹ ਹੋਲਸੇਲ ਦੀ ਦੁਕਾਨ ਨੀਰਜ ਸਿੰਗਲਾ ਦੀ ਹੈ ਜੋ ਅੱਗ ਕਾਰਨ ਸੜ ਗਈ। ਦੁਕਾਨਦਾਰ ਦਾ ਕਰੀਬ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਅੰਬਾਲਾ ਸ਼ਹਿਰ ਦੇ ਰਾਮਬਾਗ ਨੇੜੇ ਸ਼ਿਵ ਮੰਦਰ ਦੇ ਮੈਦਾਨ ਵਿਚ ਪਾਰਕ ਕੀਤੀਆਂ ਕਾਰਾਂ ਨੂੰ ਅੱਗ ਲੱਗ ਗਈ। ਇਸ ਕਾਰਨ ਚਾਰ ਕਾਰਾਂ ਅਤੇ ਇਕ ਈ-ਰਿਕਸ਼ਾ ਸੜ ਗਏ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫ਼ਸਰ ਤਰਸੇਮ ਨੇ ਦੱਸਿਆ ਕਿ ਪਾਰਕਿੰਗ ਵਿੱਚ ਅੱਗ ਪਟਾਕਿਆਂ ਕਾਰਨ ਲੱਗੀ।
ਦੀਵਾਲੀ ਦੀ ਰਾਤ ਨੂੰ ਅੱਠ ਥਾਂ ’ਤੇ ਅੱਗ ਲੱਗੀ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਦੀਵਾਲੀ ਦੀ ਰਾਤ ਅੱਠ ਥਾਵਾਂ ’ਤੇ ਅੱਗ ਲੱਗੀ। ਇਸੇ ਤਰ੍ਹਾਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਅੱਗ ਨਾਲ ਸੜੇ ਸੱਤ ਮਰੀਜ਼ ਦਾਖ਼ਲ ਕੀਤੇ ਗਏ। ਫਾਇਰ ਅਫ਼ਸਰ ਤਰਸੇਮ ਸਿੰਘ ਨੇ ਦੱਸਿਆ ਬੁਰਜ ਕਟੀਆਂ ਵਿੱਚ ਟਾਇਰਾਂ ਦੀ ਦੁਕਾਨ ਨੂੰ ਅੱਗ ਲੱਗੀ ਜਿਸ ਨੂੰ ਫਾਇਰ ਅਮਲੇ ਨੇ ਬੁਝਾਇਆ। ਸੈਕਟਰ-6 ਦੇ ਇੱਕ ਖਾਲੀ ਪਲਾਟ ਵਿੱਚ ਪਟਾਕਿਆਂ ਨਾਲ ਅੱਗ ਲੱਗ ਗਈ। ਸੈਕਟਰ ਚਾਰ ਦੇ ਇੱਕ ਪਾਰਕ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਇਸੇ ਸਨਅਤੀ ਏਰੀਆ ਫੇਜ-1 ਦੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ। ਸੈਕਟਰ-17 ਦੀ ਇੱਕ ਕੋਠੀ ਦੀ ਬਾਲਕੋਨੀ ਵਿੱਚ ਅੱਗ ਲੱਗ ਗਈ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੁਝਾਇਆ। ਇਸੇ ਤਰ੍ਹਾਂ ਪੰਚਕੂਲਾ ਦੀ ਰਾਜੀਵ ਕਲੋਨੀ ਵਿੱਚ ਅੱਗ ਦੀ ਅਫ਼ਵਾਹ ਨੇ ਫਾਇਰ ਸਟੇਸ਼ਨ ਦੇ ਮੁਲਾਜ਼ਮਾਂ ਨੂੰ ਲੰਬਾ ਸਮਾਂ ਪ੍ਰੇਸ਼ਾਨ ਕੀਤਾ। ਫਾਇਰ ਅਫਸਰ ਤਰਸੇਮ ਸਿੰਘ ਨੇ ਦੱਸਿਆ ਦੀਵਾਲੀ ਦੇ ਮੱਦੇਨਜ਼ਰ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਸਨ। ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਜਤਿੰਦਰ ਨੇ ਦੱਸਿਆ ਹਸਪਤਾਲ ’ਚ ਅੱਗ ਨਾਲ ਸੜੇ ਸੱਤ ਮਰੀਜ਼ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਵਿੱਚ ਇੱਕ ਕੇਸ ਰਾਏਪੁਰਾਨੀ ਦਾ ਸੀ ਜਦੋਂਕਿ ਬਾਕੀ ਕੇਸ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਦੇ ਕਲੋਨੀਆਂ ਦੇ ਸਨ। ਐਮਰਜੈਂਸੀ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ।