ਕੁਲਦੀਪ ਸਿੰਘ
ਚੰਡੀਗੜ੍ਹ, 1 ਫਰਵਰੀ
ਯੂਟੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ‘ਨੋ ਵਰਕ-ਨੋ ਪੇਅ’ ਦੇ ਹੁਕਮਾਂ ਦੇ ਬਾਵਜੂਦ ਅੱਜ ਬਿਜਲੀ ਕਾਮਿਆਂ ਵੱਲੋਂ ਯੂ.ਟੀ. ਪਾਵਰਮੈਨ ਯੂਨੀਅਨ ਦੇ ਬੈਨਰ ਹੇਠ 24 ਘੰਟੇ ਦੀ ਹੜਤਾਲ ਕੀਤੀ ਗਈ ਜਿਸ ਦੇ ਚਲਦਿਆਂ ਇਕੱਠੇ ਹੋਏ ਕਾਮਿਆਂ ਨੇ ਸੈਕਟਰ 17 ਵਿੱਚ ਸ਼ਿਵਾਲਿਕ ਹੋਟਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਅਤੇ ਨਿਜੀਕਰਨ ਦੇ ਮਾਮਲੇ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰੈਲੀ ਵਿੱਚ ਬਿਜਲੀ ਮੁਲਾਜ਼ਮਾਂ ਤੋਂ ਇਲਾਵਾ ਯੂਟੀ ਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਹੋਰਨਾਂ ਵਿਭਾਗਾਂ ਦੇ ਵਰਕਰਾਂ ਤੇ ਯੂਨੀਅਨ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਯੂਨੀਅਨ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਆਪਣਾ ਇਹ ਗੈਰ ਕਾਨੂੰਨੀ ਫ਼ੈਸਲਾ ਵਾਪਸ ਲਵੇ। ਰੈਲੀ ਦੌਰਾਨ ਐਨ.ਸੀ.ਸੀ.ਓ.ਈ.ਈ.ਈ. ਨੇ ਡੀਸੀ ਚੰਡੀਗੜ੍ਹ ਰਾਹੀਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ ਅਤੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਨਿੱਜੀਕਰਨ ਦੀ ਨੀਤੀ ਦੀ ਸਖ਼ਤ ਨਿਖੇਧੀ ਕੀਤੀ। ਰੈਲੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ 7 ਫਰਵਰੀ ਨੂੰ ਸਿਆਸੀ ਪਾਰਟੀਆਂ, ਮੁਹੱਲਾ ਕਮੇਟੀਆਂ, ਪੇਂਡੂ ਸੰਘਰਸ਼ ਕਮੇਟੀਆਂ, ਟਰੇਡ ਯੂਨੀਅਨਾਂ, ਵਪਾਰੀਆਂ ਦਾ ਸਾਂਝਾ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿੱਚ ਨਿੱਜੀਕਰਨ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਖੁਲਾਸਾ ਕੀਤਾ ਜਾਵੇਗਾ। ਬਿਜਲੀ ਕਾਮਿਆਂ ਦੀ ਹੜਤਾਲ ਨੂੰ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਮਰਥਨ ਦਿੱਤਾ।
ਹੜਤਾਲ ਕਰਕੇ ਠੱਪ ਰਿਹਾ ਬਿਜਲੀ ਵਿਭਾਗ ਦਾ ਕੰਮਕਾਜ
ਕਾਮਿਆਂ ਦੀ ਹੜਤਾਲ ਦੌਰਾਨ ਨਾ ਤਾਂ ਕੋਈ ਸ਼ਿਕਾਇਤ ਅਟੈਂਡ ਕੀਤੀ ਗਈ ਅਤੇ ਨਾ ਹੀ ਬਿਜਲੀ ਦਫ਼ਤਰਾਂ ਵਿੱਚ ਕੋਈ ਕੰਮ ਹੋਇਆ। ਪ੍ਰਸ਼ਾਸਨ ਵੱਲੋਂ ਐਕਸੀਅਨ ਅਤੇ ਐਸਡੀਓ ਨੂੰ ਡਿਊਟੀ ’ਤੇ ਲਗਾਇਆ ਸੀ ਪਰ ਉਹ ਵੀ ਫੋਨ ਸੁਣਨ ਤੋਂ ਇਲਾਵਾ ਕੁਝ ਨਹੀਂ ਕਰ ਸਕੇ ਅਤੇ ਨਾ ਹੀ ਬਿਜਲੀ ਬੰਦ ਕਰ ਸਕੇ।