ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਇੱਥੋਂ ਦੇ ਸੈਕਟਰ-41 ਵਿੱਚ ਪੈਟਰੋਲ ਪੰਪ ਦੇ ਨਜ਼ਦੀਕ ਪਿਸਤੌਲ ਦਿਖਾ ਕੇ ਨਗਦੀ ਖੋਹਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-39 ਦੀ ਪੁਲੀਸ ਨੇ ਕੇਸ ਦਰਜ ਕਰ ਦਿੱਤਾ ਹੈ। ਇਹ ਕੇਸ ਅਸ਼ਵਨੀ ਕੁਮਾਰ ਵਾਸੀ ਸੈਕਟਰ-56 ਦੀ ਸ਼ਿਕਾਇਤ ’ਤੇ ਕਿਰਨਦੀਪ, ਕਮਲਦੀਪ ਸਿੰਘ, ਗੋਪੀ, ਚੰਚਲ ਤੇ ਹੋਰਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ। ਉਨ੍ਹਾਂ ਨੇ ਪੀੜਤ ਨੂੰ ਸੈਕਟਰ-41 ਵਿੱਚ ਪੈਟਰੋਲ ਪੰਪ ਦੇ ਨਜ਼ਦੀਕ ਘੇਰ ਲਿਆ। ਇਸ ਦੌਰਾਨ ਮੁਲਜ਼ਮ ਉਸ ਨੂੰ ਪਿਸਤੌਲ ਦਿਖਾ ਕੇ 25 ਤੋਂ 30 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸੈਕਟਰ-39 ਦੀ ਪੁਲੀਸ ਵੱਲੋਂ ਉਕਤ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।