ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 12 ਅਕਤੂਬਰ
ਮੁਹਾਲੀ ਪੁਲੀਸ ਵੱਲੋਂ ਆਈਪੀਐੱਲ ਲੀਗ ਦੇ ਕ੍ਰਿਕਟ ਮੈਚਾਂ ’ਤੇ ਆਨਲਾਈਨ ਸੱਟਾ ਲਾਉਣ ਵਾਲੇ ਗਰੋਹ ਦੇ ਮੈਂਬਰਾਂ ਵਿਪਨ ਕੁਮਾਰ ਵਾਸੀ ਪਟੇਲ ਨਗਰ, ਹਿਸਾਰ ਅਤੇ ਰਾਕੇਸ਼ ਮਨਚੰਦਾ ਉਰਫ਼ ਰਿੰਕੂ ਵਾਸੀ ਫਰੀਦਾਬਾਦ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਖ਼ਿਲਾਫ਼ ਮਟੌਰ ਥਾਣਾ ਵਿੱਚ ਆਈਪੀਸੀ ਦੀ ਧਾਰਾ 420, ਜੂਆ ਐਕਟ ਅਤੇ ਐੱਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਾਰੁਸ਼ ਧਵਨ ਵਾਸੀ ਗਾਂਧੀ ਨਗਰ, ਕੈਥਲ ਅਤੇ ਮਲਕੀਤ ਸਿੰਘ ਉਰਫ਼ ਅਮਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਦੋਵੇਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਐੱਸਪੀ (ਸਿਟੀ) ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇੱਥੋਂ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਦੇ ਫਲੈਟ ਵਿੱਚ ਆਨਲਾਈਨ ਸੱਟਾ ਲਗਾਉਣ ਬਾਰੇ ਗੁਪਤ ਸੂਚਨਾ ਮਿਲੀ ਸੀ। ਜਾਣਕਾਰੀ ਅਨੁਸਾਰ ਪੁਲੀਸ ਨੂੰ ਫਲੈਟ ਦੀ ਤਲਾਸ਼ੀ ਦੌਰਾਨ ਦੋ ਡਾਇਰੀਆਂ ਵੀ ਮਿਲੀਆਂ ਹਨ। ਜਿਨ੍ਹਾਂ ਵਿੱਚ ਕ੍ਰਿਕਟ ਮੈਚਾਂ ’ਤੇ ਲਗਾਏ ਜਾਂਦੇ ਸੱਟੇ ਦਾ ਵੇਰਵਾ ਦਰਜ ਹੈ।