ਫ਼ਰੀਦਕੋਟ ਮਾਡਰਨ ਜੇਲ੍ਹ ’ਚੋਂ ਗੈਂਗ ਚਲਾਉਣ ਦਾ ਮਾਮਲਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਸਤੰਬਰ
ਫ਼ਰੀਦਕੋਟ ਦੀ ਮਾਡਰਨ ਜੇਲ੍ਹ ’ਚੋਂ ਗੈਂਗ ਚਲਾਉਣ ਦੇ ਮਾਮਲੇ ਵਿੱਚ ਇਸ ਜੇਲ੍ਹ ’ਚ ਬੰਦ ‘ਏ’ ਕੈਟਾਗਿਰੀ ਗੈਂਗਸਟਰ ਨਵਦੀਪ ਸਿੰਘ ਉਰਫ ਨਵੀ ਉਰਫ਼ ਜੌਨ ਬੁੱਟਰ ਨੂੰ ਸਥਾਨਕ ਪੁਲੀਸ ਨੇ ਕਰੀਬ 5 ਸਾਲ ਪਹਿਲਾਂ ਥਾਣਾ ਸਿਟੀ ਦੱਖਣੀ ’ਚ 60 ਲੱਖ ਰੁਪਏ ਦੀ ਕੈਸ਼ ਵੈਨ ਲੁੱਟਣ ਤੇ ਸੁਰੱਖਿਆ ਗਾਰਡ ਦੀ ਹੱਤਿਆ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ ਪੜਤਾਲ ਕੀਤੀ।
ਥਾਣਾ ਸਦਰ ਪੁਲੀਸ ਨੇ 5 ਸਤੰਬਰ ਨੂੰ ਪਿੰਡ ਦਾਰਾਪੁਰ ਕੋਲ ਨਾਕੇ ਉੱਤੇ ਗੋਲੀਬਾਰੀ ਕਰਕੇ ਹੌਲਦਾਰ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਉਸ ਦੀ ਅੱਜ ਗ੍ਰਿਫ਼ਤਾਰੀ ਪਾਈ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਦਾ ਤਿੰਨ ਦਿਨਾ ਪੁਲੀਸ ਰਿਮਾਂਡ ਲਿਆ ਗਿਆ ਹੈ।
ਪੁਲੀਸ ਨੇ ਉਸ ਕੋਲੋਂ ਗੈਂਗਸਟਰ ਗਗਨਾ ਹਠੂਰ ਤੇ ਹੋਰਾਂ ਬਾਰੇ ਪੁੱਛ ਪੜਤਾਲ ਕੀਤੀ। ਪਤਾ ਲੱਗਾ ਹੈ ਕਿ ਗਗਨਾ ਹਠੂਰ ਨੇਪਾਲ ਰਸਤੇ ਕੈਨੇਡਾ ਪੁੱਜ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਨਵਦੀਪ ਨਵੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪੁਲੀਸ ਨਾਕੇ ਉੱਤੇ ਗੋਲੀ ਚਲਾਉਣ ਲਈ ਵਰਤਿਆ ਗਿਆ ਪਿਸਟਲ ਮਾਮਲੇ ’ਚ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਨੂੰ ਕਾਲਿਆਂਵਾਲੀ (ਹਰਿਆਣਾ) ਤੋਂ ਮੁਹੱਈਆ ਕਰਵਾਇਆ ਸੀ ਅਤੇ ਉਨ੍ਹਾਂ ਦੀ ਇੱਕ ਸਰਪੰਚ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਓਰੀਐਂਟਲ ਬੈਂਕ ਆਫ ਕਾਮਰਸ ਦੀ 60 ਲੱਖ ਰੁਪਏ ਦੀ ਲੁੱਟ ਤੇ ਸੁਰੱਖਿਆ ਗਾਰਡ ਦੀ ਹੱਤਿਆ ਬਾਰੇ ਉਸ ਨੇ ਖੁਲਾਸਾ ਕੀਤਾ ਕਿ ਸੁਰੱਖਿਆ ਗਾਰਡ ਦੀ ਬੰਦੂਕ ਦੀ ਇੱਕ ਨਾਲੀ ਕੰਮ ਨਹੀਂ ਕਰਦੀ ਸੀ ਤੇ ਉਸ ਦਾ ਬੱਟ ਵੀ ਟੁੱਟ ਗਿਆ ਸੀ, ਇਸ ਕਰ ਕੇ ਉਨ੍ਹਾਂ ਬੰਦੂਕ ਨਹਿਰ ਵਿੱਚ ਸੁੱਟ ਦਿੱਤੀ।