ਪੀਪੀ ਵਰਮਾ
ਪੰਚਕੂਲਾ, 16 ਜੁਲਾਈ
ਅਭੈਪੁਰ ਪਿੰਡ ਵਿੱਚੋਂ ਅੱਜ ਪੇਚਿਸ਼ ਦੇ 30 ਕੇਸ ਪੰਚਕੂਲਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਆਏ ਹਨ। ਇਨ੍ਹਾਂ ਕੇਸਾਂ ਵਿੱਚੋਂ ਛੇ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇਸ ਵਿੱਚ ਕੋਈ ਗਲਤੀ ਨਹੀਂ ਜਿਹੜੀ ਗਲਤੀ ਹੈ ਉਹ ਜਨ-ਸਿਹਤ ਵਿਭਾਗ ਦੀ ਹੈ। ਦੂਜੇ ਪਾਸੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਪਿੰਡ ਅਭੈਪੁਰ ਵਿੱਚ ਜਾ ਕੇ ਮੌਕੇ ਦਾ ਜਾਈਜ਼ਾ ਲਿਆ ਤੇ ਮਰਨ ਵਾਲੇ ਬੱਚੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿੰਡ ਅਭੈਪੁਰ ਵਾਸੀਆਂ ਨੇ ਅੱਜ ਵੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਸੈਕਟਰ-6, ਪੰਚਕੂਲਾ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਪਰਿਵਾਰਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਹੈ।
ਮ੍ਰਿਤਕ ਬੱਚੇ ਅਰਪਿਤ ਦੇ ਪਿਤਾ ਅਨਿਲ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕਿਸੇ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਇਲਾਕੇ ਦੇ ਕੌਂਸਲਰ ਰਾਜੇਸ਼ ਕੁਮਾਰ ਅਨੁਸਾਰ ਅਭੈਪੁਰ ਪਿੰਡ ਵਿੱਚ 40 ਸਾਲ ਪਹਿਲਾਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜੋ ਹੁਣ ਖਰਾਬ ਹੋ ਗਈਆਂ ਹਨ। ਇਸ ਦੇ ਨਾਲ ਹੀ ਸੀਵਰੇਜ ਦੀਆਂ ਪਾਈਪਾਂ ਫਟ ਜਾਣ ਕਾਰਨ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਦੇ ਬਹੁਤੇ ਘਰਾਂ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਹੁੱਡਾ ਅਥਾਰਟੀ ਨੇ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੇ 12 ਟੈਂਕਰ ਉਪਲੱਬਧ ਕਰਵਾਏ ਹਨ। ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਵਿੱਚ ਉਨ੍ਹਾਂ ਦੇ ਬੱਚੇ ਦੀ ਹਾਲਤ ਖਰਾਬ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਭੇਜਦ ਦੇ ਉਦੇਸ਼ ਹਿਤ ਬੱਚੇ ਦੀ ਹਾਲਤ ਠੀਕ ਹੋਣ ਦੀ ਦਾਅਵਾ ਕਰਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ।