ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 24 ਸਤੰਬਰ
ਮੁਹਾਲੀ ਵਾਸੀਆਂ ਲਈ ਸਾਲ-2020-21 ਦਾ ਪ੍ਰਾਪਰਟੀ ਟੈਕਸ 10 ਫੀਸਦੀ ਛੋਟ ਨਾਲ ਅਦਾ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਪ੍ਰਾਪਰਟੀਆਂ ਦੇ ਮਾਲਕਾਂ ਲਈ ਟੈਕਸ ਜਮ੍ਹਾਂ ਕਰਾਉਣ ਲਈ 6 ਕਾਊਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਆਖਰੀ ਮਿਤੀ ਨੇੜੇ ਹੋਣ ਕਾਰਨ 26 ਅਤੇ 27 ਸਤੰਬਰ ਨੂੰ ਸਰਕਾਰੀ ਛੁੱਟੀ ਦੇ ਬਾਵਜੂਦ ਨਿਗਮ ਦਾ ਦਫ਼ਤਰ ਖੁੱਲ੍ਹਾ ਰੱਖਿਆ ਜਾਵੇਗਾ ਅਤੇ ਸ਼ਹਿਰ ਵਾਸੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਊਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਟੈਕਸ ਜਮ੍ਹਾਂ ਕਰਵਾਊਣ ਦੀ ਅਪੀਲ ਕੀਤੀ ਤਾਂ ਕਿ ਛੋਟ ਦਾ ਲਾਭ ਲਿਆ ਜਾ ਸਕੇ।