ਸਰਬਜੀਤ ਸਿੰਘ ਭੱਟੀ
ਲਾਲੜੂ, 29 ਅਗਸਤ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਲੈਹਲੀ ਨੇੜੇ ਟਾਇਰਾਂ ਦੀ ਦੁਕਾਨ ਵਿੱਚੋਂ ਬੀਤੀ ਰਾਤ 10 ਲੱਖ ਰੁਪਏ ਦੀ ਕੀਮਤ ਦੇ 300 ਟਾਇਰ ਚੋਰੀ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰੂ ਰਾਮਦਾਸ ਟਾਇਰ ਕੰਪਨੀ ਲੈਹਲੀ ਦੇ ਮਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸਬ-ਡਵੀਜ਼ਨ ਡੇਰਾਬਸੀ ਵਿੱਚ ਟਾਇਰ ਸਪਲਾਈ ਕਰਦੇ ਹਨ ਤੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 300 ਟਾਇਰ ਚੋਰੀ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੀ ਰਾਤ 12 ਤੋਂ 1 ਵਜੇ ਦੇ ਵਿਚਕਾਰ ਵਾਪਰੀ। ਚੋਰਾਂ ਨੇ ਬਿਜਲੀ ਦੀ ਲਾਈਨ ਕੱਟੀ ਤੇ ਕੈਮਰੇ ਵੀ ਤੋੜ ਦਿੱਤੇ ਅਤੇ ਟਰੱਕ ਵਿੱਚ ਮਾਲ ਭਰ ਕੇ ਲੈ ਗਏ। ਉਨ੍ਹਾਂ ਨੇ 26 ਅਗਸਤ ਨੂੰ ਹੀ ਦੁਕਾਨ ਵਿੱਚ ਨਵੇਂ ਟਾਇਰਾਂ ਦਾ ਸਟਾਕ ਪਾਇਆ ਸੀ। ਪੁਲੀਸ ਚੌਕੀ ਨਾਹਰ ਦੇ ਇੰਚਾਰਜ ਹਰਕੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।