ਪੱਤਰ ਪ੍ਰੇਰਕ
ਪੰਚਕੂਲਾ, 3 ਜੁਲਾਈ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਵਿਚ ਸੀਐੱਨਜੀ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਲਦੀ ਹੀ ਪੀਐੱਨਜੀ ਗੈਸ ਸਪਲਾਈ ਮੁਹੱਈਆ ਕਰਵਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਲਈ ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਤ ਕਰ ਕੇ ਸਰੰਚਨਾਤਮਕ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 362 ਸੀਐੱਨਜੀ ਸਟੇਸ਼ਨ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਕਈ ਸ਼ਹਿਰਾਂ ਵਿੱਚ ਉਦਯੋਗਿਕ ਕੁਨੈਕਸ਼ਨ ਵੀ ਦਿੱਤੇ ਜਾ ਚੁੱਕੇ ਹਨ।
ਮੁੱਖ ਸਕੱਤਰ ਅੱਜ ਇੱਥੇ ਸੂਬੇ ਵਿੱਚ ਸੀਐਨਜੀ, ਪੀਐਨਜੀ ਦਾ ਸਰੰਚਨਾਤਮਕ ਢਾਂਚਾ ਤਿਆਰ ਕਰਨ ਨੂੰ ਲੈ ਕੇ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੈਸ ਏਜੰਸੀਆਂ ਦੀ ਐੱਨਓਸੀ ਸਬੰਧੀ ਤੇ ਹੋਰ ਜ਼ਰੂਰੀ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਉਦਯੋਗ ਵਿਭਾਗ ਵੱਲੋਂ ਪੋਰਟਲ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿਚ ਪੰਚਕੂਲਾ, ਹਿਸਾਰ, ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ, ਫਤਿਹਾਬਾਦ, ਭਿਵਾਨੀ, ਕਰਨਾਲ, ਬਾਵਲ, ਧਾਰੂਹੇੜਾ ਆਦਿ ਥਾਵਾਂ ’ਤੇ ਗੈਸ ਲਾਈਨ ਵਿਛਾਉਣ ਸਬੰਧੀ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਅਤੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਇਨ੍ਹਾਂ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।