ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਜੂਨ
ਮੁਹਾਲੀ ਪੁਲੀਸ ਨੇ ਕਾਲ ਸੈਂਟਰ ਦੀ ਆੜ ਵਿੱਚ ਪੇਅ ਪਾਲ ਖਾਤੇ ’ਚੋਂ ਟਰਾਂਜ਼ੈਕਸ਼ਨ ਕਰਵਾਉਣ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 37 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਡੀਐੱਸਪੀ (ਸਿਟੀ-1) ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਐੱਸਐੱਚਓ ਇੰਸਪੈਕਟਰ ਸੁਖਬੀਰ ਸਿੰਘ ਅਤੇ ਥਾਣੇਦਾਰ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਆਈਟੀ ਕੰਪਨੀ ਦੀ ਆੜ ਵਿੱਚ ਚੱਲ ਰਹੇ ਕਾਲ ਸੈਂਟਰ ਦੇ 37 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ 25 ਪੁਰਸ਼ ਅਤੇ 12 ਔਰਤਾਂ ਸ਼ਾਮਲ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 45 ਲੈਪਟਾਪ, ਹੈਡਫੋਨ ਮਾਈਕ 45, ਮੋਬਾਈਲ 59 (ਜਿਨ੍ਹਾਂ ’ਚ ਦਫ਼ਤਰੀ 23, ਨਿੱਜੀ 36) ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੀ ਦਿੱਲੀ ਨੰਬਰ ਦੀ ਮਹਿੰਗੀ ਕਾਰ ਵੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਪਲਾਟ ਨੰਬਰ ਈ-177, ਕੈਲਾਸ਼ ਟਾਵਰ ਦੀ ਪਹਿਲੀ ਮੰਜ਼ਿਲ ਵਿੱਚ ਵੈੱਬਟੈਪ ਪ੍ਰਾਈਵੇਟ ਲਿਮਟਡ ਦੀ ਆੜ ਵਿੱਚ ਪੇਅ ਪਾਲ ਖਾਤੇ ’ਚੋਂ ਟਰਾਜ਼ੈਕਸ਼ਨ ਹੋਣ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਕੈਵਿਨ ਪਟੇਲ, ਪ੍ਰਤੀਕ ਦੁਧੱਤ ਸਣੇ 35 ਹੋਰ ਮੁਲਜ਼ਮ ਸ਼ਾਮਲ ਹਨ।
ਐੱਸਐੱਸਪੀ ਨੇ ਦੱਸਿਆ ਕਿ ਪਲਾਟ ਵਿੱਚ ਦਿਖਾਵੇ ਦੇ ਤੌਰ ’ਤੇ ਵੈੱਬਟੈਪ ਪ੍ਰਾਈਵੇਟ ਲਿਮਟਡ ਦੇ ਨਾਮ ਦੀ ਕੰਪਨੀ ਚਲਾਈ ਜਾ ਰਹੀ ਸੀ ਪਰ ਇੱਥੇ ਮੁਲਜ਼ਮ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮ ਵਿਦੇਸ਼ੀ ਅਕਾਉਂਟ ਦੇ ਖਾਤਾ ਧਾਰਕਾਂ ਨੂੰ ਜਾਅਲੀ ਈਮੇਲ ਭੇਜਦੇ ਸਨ ਕਿ ਉਨ੍ਹਾਂ ਦੇ ਪੇਅ ਪਾਲ ਖਾਤੇ ’ਚੋਂ ਟਰਾਂਜ਼ੈਕਸ਼ਨ ਹੋਣੀ ਹੈ। ਇਸ ਸਬੰਧੀ ਕਸਟਮਰ ਕੇਅਰ ਨੰਬਰ ’ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਸੀ। ਜਦੋਂ ਸਬੰਧਤ ਵਿਅਕਤੀ ਮੁਲਜ਼ਮਾਂ ਵੱਲੋਂ ਦਿੱਤੇ ਜਾਅਲੀ ਨੰਬਰ ’ਤੇ ਕਾਲ ਕਰਦੇ ਸਨ ਤਾਂ ਮੁਲਜ਼ਮ, ਲੋਕਾਂ ਨੂੰ ਗੱਲਾਂ ਵਿੱਚ ਲਗਾ ਕੇ ਕਹਿੰਦੇ ਸਨ ਕਿ ਜੇ ਉਨ੍ਹਾਂ ਨੇ ਇਹ ਟਰਾਂਜੈਕਸ਼ਨ ਬਚਾਉਣੀ ਹੈ ਤਾਂ ਉਨ੍ਹਾਂ ਦੀ ਰਕਮ ਗਿਫ਼ਟ ਕਾਰਡ ਖ਼ਰੀਦਣ ਅਤੇ ਉਸੇ ਗਿਫ਼ਟ ਕਾਰਡ ਦਾ ਕੋਡ ਹਾਸਲ ਕਰ ਕੇ ਠੱਗੀ ਮਾਰਦੇ ਸਨ।