ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਸ਼ਹਿਰ ਦੇ 35 ਵਾਰਡਾਂ ਨੂੰ 7 ਜ਼ੋਨਾਂ ਵਿੱਚ ਵੰਡ ਦਿੱਤਾ ਹੈ ਅਤੇ 7 ਸੀਨੀਅਰ ਆਗੂਆਂ ਨੂੰ ਜ਼ੋਨਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ੋਨ-1 ਦਾ ਇੰਚਾਰਜ ਸਾਹਿਲ ਮੱਕੜ, ਜ਼ੋਨ-2 ਦਾ ਇੰਚਾਰਜ ਰਾਜਿੰਦਰ ਹਿੰਦੁਸਤਾਨੀ, ਜ਼ੋਨ-3 ਦਾ ਇੰਚਾਰਜ ਕੁਲਦੀਪ ਕੁੱਕੀ, ਜ਼ੋਨ-4 ਦਾ ਇੰਚਾਰਜ ਮਮਤਾ ਕੈਂਥ, ਜ਼ੋਨ-5 ਦਾ ਇੰਚਾਰਜ ਲਲਿਤ ਮੋਹਨ, ਜ਼ੋਨ-6 ਦਾ ਇੰਚਾਰਜ ਬਜਰੰਗ ਗਰਗ ਅਤੇ ਜ਼ੋਨ-7 ਦਾ ਇੰਚਾਰਜ ਹਰਜਿੰਦਰ ਬਾਵਾ ਨੂੰ ਲਗਾਇਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਲੋਕ ਹਿੱਤ ’ਚ ਵੱਡੇ-ਵੱਡੇ ਕੰਮ ਕੀਤੇ ਜਾ ਰਹੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਵੱਡੀ ਗਿਣਤੀ ਲੋਕ ਪਾਰਟੀ ਨਾਲ ਜੁੜ ਰਹੇ ਹਨ। ਇਸ ਕਾਫ਼ਲੇ ਨੂੰ ਹੋਰ ਵਧਾਉਣ ਲਈ ਬੁਥ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਹਿੱਸਾ ਲਿਆ ਸੀ ਅਤੇ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਉਸ ਤੋਂ ਬਾਅਦ ਤੋਂ ਹੀ ਪਾਰਟੀ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ।