ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਪਰੈਲ
ਚੰਡੀਗੜ੍ਹ ਵਿੱਚ ਇਸ ਮਹੀਨੇ ਤੋਂ ਲਾਗੂ ਹੋਈਆਂ ਪਾਣੀ ਦੀਆਂ ਨਵੀਆਂ ਦਰਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਰਥਕ ਅੱਜ ਇੱਥੇ ਸੈਕਟਰ 17 ਸਥਿਤ ਸ਼ਿਵਾਲਿਕ ਹੋਟਲ ਨਾਲ ਲੱਗਦੇ ਮੈਦਾਨ ਵਿੱਚ ਪ੍ਰਦਰਸ਼ਨ ਲਈ ਇਕੱਠੇ ਹੋਏ।
ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਨਗਰ ਨਿਗਮ ਦੇ ਦਫਤਰ ਵੱਲ ਕੂਚ ਕੀਤਾ ਤਾਂ ਸ਼ਿਵਾਲਿਕ ਹੋਟਲ ਮੂਹਰੇ ਪੁਲੀਸ ਨੇ ਬੈਰੀਕੇਡਿੰਗ ’ਤੇ ਇਨ੍ਹਾਂ ਨੂੰ ਰੋਕ ਲਿਆ। ਜਦੋਂ ਪ੍ਰਦਰਸ਼ਨਕਾਰੀ, ਬੈਰੀਕੇਡ ਟੱਪ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਮੌਕੇ ’ਤੇ ਤਾਇਨਾਤ ਪੁਲੀਸ ਦੀ ਦੰਗਾ ਰੋਕੂ ਟੀਮ ਨੇ ਪ੍ਰਦਰਸ਼ਨਕਾਰੀਆਂ ’ਤੇ ਜਲ ਤੋਪ ਰਾਹੀਂ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਮਹਿਲਾ ਪੁਲੀਸ ਮੁਲਾਜ਼ਮ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਪਾਣੀ ਦੀਆਂ ਬੁਛਾੜਾਂ ਨਾਲ ਝੰਬੇ ਜਾਣ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਉੱਥੇ ਡਟੇ ਰਹੇ। ਉਨ੍ਹਾਂ ਨਗਰ ਨਿਗਮ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਸਮਰਥਕ ਮਹਿਲਾਵਾਂ ਵੀ ਸ਼ਾਮਲ ਸਨ।
‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਖਾਮੋਸ਼ ਨਹੀਂ ਰਹੇਗੀ। ‘ਆਪ’ ਕੌਂਸਲਰ ਚਾਹੁੰਦੇ ਸਨ ਕਿ ਇਸ ਮੁੱਦੇ ’ਤੇ ਨਗਰ ਨਿਗਮ ਹਾਊਸ ਵਿੱਚ ਬਹਿਸ ਹੋਵੇ ਅਤੇ ਉਸ ਤੋਂ ਬਾਅਦ ਜੋ ਫ਼ੈਸਲਾ ਹੋਵੇਗਾ ਉਹ ਮਨਜ਼ੂਰ ਹੋਵੇਗਾ। ਇਸ ਦੇ ਨਾਲ ਹੀ ਸ਼ਹਿਰ ਦੀ ਜਨਤਾ ਨੂੰ ਵੀ ਹਕੀਕਤ ਪਤਾ ਲੱਗ ਜਾਵੇਗੀ। ਪ੍ਰੇਮ ਗਰਗ ਨੇ ਕਿਹਾ ਕਿ ਨਗਰ ਨਿਗਮ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਨੇ ਸ਼ਹਿਰ ਦੇ ਹਰ ਘਰ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਉਪਲੱਭਧ ਕਰਵਾਉਣ ਦੀ ਗਾਰੰਟੀ ਦਿੱਤੀ ਸੀ, ਹੁਣ ਸਾਡੀ ਪਾਰਟੀ ਪਾਣੀ ਦੇ ਵਧੇ ਹੋਏ ਮੁੱਲ ਕਿਵੇਂ ਬਰਦਾਸ਼ਤ ਕਰ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਨਗਰ ਨਿਗਮ ਪਾਣੀ ਦੇ ਬਕਾਏ ਬਿੱਲਾਂ ਦੀ ਉਗਰਾਹੀ ਅਤੇ ਪਾਣੀ ਦੀ ਲੀਕੇਜ ਸਮੇਤ ਪਾਣੀ ਦੀ ਚੋਰੀ ’ਤੇ ਨੱਥ ਪਾ ਲਏ, ਨਿਗਮ ਨੂੰ ਪਾਣੀ ਦੀ ਸਪਲਾਈ ਤੋਂ ਹੋਣ ਵਾਲੇ ਘਾਟੇ ਤੋਂ ਰਾਹਤ ਮਿਲ ਸਕਦੀ ਹੈ।
ਇਸ ਦੌਰਾਨ ਹਾਜ਼ਰ ਆਮ ਆਦਮੀ ਪਾਰਟੀ ਦੇ ਨੇਤਾ ਪ੍ਰਦੀਪ ਛਾਬੜਾ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦਾ ਰਾਜ ਹੈ, ਸਥਾਨਕ ਸੰਸਦ ਮੈਂਬਰ ਵੀ ਭਾਜਪਾ ਦੀ ਹੈ, ਪ੍ਰਸ਼ਾਸਕ ਭਾਜਪਾ ਦਾ ਹੈ ਅਤੇ ਕੇਂਦਰ ਵਿੱਚ ਸਰਕਾਰ ਵੀ ਭਾਜਪਾ ਦੀ ਹੈ, ਅਜਿਹੇ ਵਿੱਚ ਭਾਜਪਾ ਨੇ ਪਾਣੀ ਦੀਆਂ ਦਰਾਂ ਵਧਾ ਕੇ ਸ਼ਹਿਰ ਦੇ ਲੋਕਾਂ ’ਤੇ ਜਿੱਥੇ ਵਾਧੂ ਵਿੱਤੀ ਬੋਝ ਪਾਇਆ ਹੈ ਉੱਥੇ ਚੋਣਾਂ ਵਿੱਚ ਪਾਣੀ ਦੀਆਂ ਦਰਾਂ ਨਾ ਵਧਾਉਣ ਬਾਰੇ ਕੀਤਾ ਵਾਅਦਾ ਵੀ ਤੋੜਿਆ ਹੈ। ਪਾਣੀ ਦੀਆਂ ਦਰਾਂ ਨੂੰ ਲੈ ਕੇ ‘ਆਪ’ ਨੇ ਭਾਜਪਾ ਦੇ ਖਿਲਾਫ ਹਰ ਵਾਰਡ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਇਸ ਰੋਸ ਪ੍ਰਦਰਸ਼ਨ ਦੌਰਾਨ ‘ਆਪ’ ਦੇ ਕੌਂਸਲਰਾਂ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਸਮਰਥਕ ਵੀ ਸ਼ਾਮਲ ਸਨ। ਉਧਰ ਨਗਰ ਨਿਗਮ ਵਲੋਂ ਲਾਗੂ ਪਾਣੀ ਦੀਆਂ ਦਰਾਂ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਵੱਲੋਂ ਵੀ 7 ਅਪਰੈਲ ਨੂੰ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਡੇਢ ਤੋਂ ਢਾਈ ਗੁਣਾਂ ਵਧੀਆਂ ਪਾਣੀ ਦੀਆਂ ਦਰਾਂ
ਨਗਰ ਨਿਗਮ ਨੇ ਪਹਿਲੀ ਅਪਰੈਲ ਤੋਂ ਸੋਧੀਆਂ ਹੋਈਆਂ ਦਰਾਂ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਦਰਾਂ ਅਨੁਸਾਰ ਪਾਣੀ ਦੇ ਬਿੱਲ ਹੁਣ 3/6/10/20 ਦੀ ਸਲੈਬ ਮੁਤਾਬਿਕ ਵਸੂਲੇ ਜਾਣਗੇ ਜਦੋਂਕਿ ਇਹ ਸਲੈਬ ਪਹਿਲਾਂ 2/4/6/8 ਸੀ। ਪਾਣੀ ਦੀਆਂ ਦਰਾਂ ਡੇਢ ਤੋਂ ਢਾਈ ਗੁਣਾਂ ਵਧਾਈਆਂ ਗਈਆਂ ਹਨ।