ਹਰਜੀਤ ਸਿੰਘ
ਜ਼ੀਰਕਪੁਰ, 2 ਅਕਤੂਬਰ
ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ 2 ਤੋਂ 8 ਅਕਤੂਬਰ ਤੱਕ ਮਨਾਏ ਜਾਣ ਵਾਲੇ ‘ਜੀਵ ਸੁਰੱਖਿਆ ਹਫ਼ਤੇ’ ਦਾ ਆਗਾਜ਼ ਕੀਤਾ ਗਿਆ। ਅੱਜ ਪਹਿਲੇ ਦਿਨ ਸਾਈਕਲ ਰੈਲੀ ਕੱਢੀ ਗਈ। ਸਾਈਕਲ ਰੈਲੀ ‘ਸਾਇਕਲੋਥੋਨ ਰਾਈਡ ਫਾਰ ਵਾਇਲਡ’ ਨਾਂ ਤਹਿਤ ਸੋਹਾਣਾ ਲਾਈਟ ਪੁਆਇੰਟ ਤੋਂ ਛੱਤਬੀੜ ਚਿੜੀਆਘਰ ਤੱਕ ਤਕਰੀਬਨ 15 ਕਿਲੋਮੀਟਰ ਤੱਕ ਕੱਢੀ ਗਈ। ਜਾਣਕਾਰੀ ਮੁਤਾਬਕ ਸਵੇਰੇ ਛੇ ਵਜੇ ਸ਼ੁਰੂ ਹੋਈ ਇਹ ਰੈਲੀ ਸਾਢੇ ਸੱਤ ਵਜੇ ਡੇਢ ਘੰਟੇ ਵਿੱਚ ਚਿੜੀਆਘਰ ਪਹੁੰਚੀ। ਇਹ ਰੈਲੀ ਨੂੰ ਸਫ਼ਲ ਬਣਾਉਣ ਲਈ ‘ਸਾਈਕਲਗਿਰੀ’ ਸੰਸਥਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਾਣਕਾਰੀ ਮੁਤਾਬਕ ਸੰਸਥਾ ਦੇ ਕਨਵੀਨਰ ਡਾ. ਸਨੈਨਾ ਬਾਂਸਲ ਅਤੇ ਅਕਸ਼ਿਤ ਪੱਸੀ ਦੀ ਅਗਵਾਈ ਹੇਠ 200 ਸਾਈਕਲ ਦੇ ਸ਼ੌਂਕੀਨਾਂ ਨੇ ਹਿੱਸਾ ਲਿਆ। ਇਸ ਮੌਕੇ ਛੱਤਬੀੜ ਚਿੜੀਆਘਰ ਦੇ ਐਜੂਕੇਸ਼ਨ ਅਫ਼ਸਰ ਹਰਪਾਲ ਸਿੰਘ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਈਕਲ ਦੇ ਸ਼ੌਂਕੀਨ ਲੋਕ 10 ਰੁਪਏ ਦੀ ਟਿਕਟ ਰਾਹੀਂ ਆਪਣੀ ਸਾਈਕਲ ’ਤੇ ਤਕਰੀਬਨ 500 ਏਕੜ ਵਿੱਚ ਫੈਲੇ ਛੱਤਬੀੜ ਚਿੜੀਆਘਰ ਦੇ ਚਾਰ ਕਿਲੋਮੀਟਰ ਟਰੈਕ ’ਤੇ ਘੁੰਮ ਸਕਦੇ ਹਨ। ਇਸ ਮੌਕੇ ਨਿਸ਼ਾ ਵਧਵਾ ਅਤੇ ਅਮਿਤ ਸ਼ਰਮਾ ਵੱਲੋਂ ਨਿਰਦੇਸ਼ਿਤ ਜੰਗਲੀ ਜੀਵਾਂ ’ਤੇ ਅਧਾਰਤ ਸਕਿੱਟ ਖੇਡੀ। ਸਮਾਗਮ ਦੌਰਾਨ ਸਵਾਲ- ਜੁਆਬ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।