ਪੱਤਰ ਪ੍ਰੇਰਕ
ਚੰਡੀਗੜ੍ਹ, 3 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜੱਥੇਬੰਦੀ ‘ਸੱਥ’ ਵੱਲੋਂ ਨਵੰਬਰ-1984 ਦੀ ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ ਅੱਜ ਇੱਥੇ ਵਿਦਿਆਰਥੀ ਕੇਂਦਰ ’ਚ ਫੋਟੋ ਪ੍ਰਦਰਸ਼ਨੀ ਲਗਾਈ ਗਈ ਤੇ ‘ਨਸਲਕੁਸ਼ੀ ਦੇ ਵਰਤਾਰੇ’ ਉੱਪਰ ਚਰਚਾ ਕਰਵਾਈ ਗਈ। ਚਰਚਾ ’ਚ ਵਿਦਿਆਰਥੀ ਆਗੂਆਂ ਜੋਧ ਸਿੰਘ, ਹਰਮਨ, ਪਰਮ, ਸੰਦੀਪ ਆਦਿ ਨੇ ਹਿੱਸਾ ਲਿਆ। ‘ਸੱਥ’ ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਇਹ ਮਹਿਸੂਸ ਕਰਦੀ ਹੈ ਕਿ ਨਸਲਕੁਸ਼ੀ ਦੇ ਵਰਤਾਰੇ ਨੂੰ ਭਾਰਤ ਵਿੱਚ ਗੰਭੀਰਤਾ ਨਾਲ ਵਿਚਾਰਿਆ ਨਹੀਂ ਜਾ ਰਿਹਾ ਕਿਉਂਕਿ ਅੱਜ ਤੱਕ ਇੱਥੇ ਕਿਸੇ ਵੀ ਲੀਗਲ ਦਸਤਾਵੇਜ਼ ਵਿੱਚ ‘ਨਸਲਕੁਸ਼ੀ’ ਸ਼ਬਦ ਮੌਜੂਦ ਹੀ ਨਹੀਂ ਹੈ ਜਦਕਿ ਅੰਤਰਰਾਸ਼ਟਰੀ ਪੱਧਰ ’ਤੇ ਇਸ ਨੂੰ ਮਨੁੱਖਤਾ ਖਿਲਾਫ਼ ਅਪਰਾਧ ਵਜੋਂ ਮਾਨਤਾ ਪ੍ਰਾਪਤ ਹੈ। ਜਦੋਂ ਸਿੱਖਾਂ ਵਰਗੀਆਂ ਹੋਰ ਕਈ ਘੱਟ ਗਿਣਤੀਆਂ ਭਾਰਤ ਵਿੱਚ ਦਮਨ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਅੱਜ ਤੱਕ ਵੀ ਇਨਸਾਫ਼ ਨਹੀਂ ਮਿਲਿਆ ਤਾਂ ਇਹ ਸਮੇਂ ਦੀ ਲੋੜ ਹੈ ਕਿ ਹਰ ਵਰਗ, ਖਾਸ ਕਰਕੇ ਦੱਬੇ-ਕੁਚਲੇ ਜਾ ਰਹੇ ਵਰਗਾਂ ਨੂੰ ਇਸ ਨਸਲਕੁਸ਼ੀ ਦੇ ਵਰਤਾਰੇ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ‘ਸੱਥ’ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਅਧਾਰ ਬਣਾ ਕੇ ਇਸ ਨਾਲ ਸੰਬੰਧਿਤ ਇਤਿਹਾਸਕ ਅਤੇ ਮੌਜੂਦਾ ਘਟਨਾਵਾਂ ਦੇ ਵੇਰਵੇ ਦੇ ਕੇ ਨਸਲਕੁਸ਼ੀ ਦੇ ਪੜਾਵਾਂ ਅਤੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਥੇਬੰਦੀ ਨੇ ਪ੍ਰਦਰਸ਼ਨੀ ਦੇਖਣ ਵਾਲੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਜਾਗਰੂਕ ਕੀਤਾ।