ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਦਿੱਲੀ ਤੱਕ ਸ਼ੁਰੂ ਕੀਤੀ ਗਈ ‘ਵੰਦੇ ਭਾਰਤ’ ਐਕਸਪ੍ਰੈੱਸ ਦਾ ਚੰਡੀਗੜ੍ਹ ਪਹੁੰਚਣ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਰੇਲ ਰਾਜ ਮੰਤਰੀ ਅਸ਼ਵਨੀ ਕੁਮਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਵੱਡੀ ਗਿਣਤੀ ਭਾਜਪਾਈਆਂ ਨੇ ਸਵਾਗਤ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਸੰਜੇ ਟੰਡਨ ਅਤੇ ਮੇਅਰ ਸਰਬਜੀਤ ਕੌਰ ਵੀ ਹਾਜ਼ਰ ਰਹੇ। ਊਨਾ ਤੋਂ ਦਿੱਲੀ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਭਾਜਪਾ ਆਗੂਆਂ ਨੇ ਚੰਡੀਗੜ੍ਹ ਤੋਂ ਅੰਬਾਲਾ ਤੱਕ ਸਫ਼ਰ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਸਿਰਫ਼ 5 ਘੰਟਿਆਂ ਵਿੱਚ ਲੋਕ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਪਹੁੰਚ ਸਕਦੇ ਹਨ, ਉੱਥੇ ਹੀ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਤੋਂ ਤਿੰਨ ਘੰਟਿਆਂ ਵਿੱਚ ਦਿੱਲੀ ਤੱਕ ਪਹੁੰਚਿਆ ਜਾ ਸਕੇਗਾ।
ਖਰੜ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਹਿਮਾਚਲ ਦੇ ਊਨਾ ਤੋਂ ਸ਼ੁਰੂ ਕੀਤੀ ਗਈ ‘ਵੰਦੇ ਭਾਰਤ’ ਰੇਲ ਗੱਡੀ ਅੱਜ ਖਰੜ ਦੇ ਰੇਲਵੇ ਸਟੇਸ਼ਨ ਉੱਤੇ ਥੋੜ੍ਹਾ ਸਮਾਂ ਰੁਕੀ। ਇਸ ਰੇਲ ਗੱਡੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖੁਦ ਸਫਰ ਕਰ ਰਹੇ ਸਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਅਸ.ਵਨੀ ਵੈਸ਼ਨਵ ਦਾ ਧੰਨਵਾਦ ਕੀਤਾ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਊਨਾ (ਹਿਮਾਚਲ) ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਵਾਨਾ ਕੀਤੀ ਵੰਦੇ ਭਾਰਤ ਰੇਲ ਗੱਡੀ ਜੋ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਟੜੀ ’ਤੇ ਦੌੜਦੀ ਹੈ, ਕਰੀਬ 1 ਘੰਟਾ 5 ਮਿੰਟ ਦੀ ਦੇਰੀ ਨਾਲ 1 ਵੱਜ ਕੇ 55 ਮਿੰਟ ਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ। ਵੰਦੇ ਭਾਰਤ ਟਰੇਨ ਦਾ ਗ੍ਰਹਿ ਮੰਤਰੀ ਅਨਿਲ ਵਿੱਜ, ਸ਼ਹਿਰ ਵਿਧਾਇਕ ਅਸੀਮ ਗੋਇਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲਾਂ ਦੀ ਵਰਖ਼ਾ ਕਰਕੇ ਸਵਾਗਤ ਕੀਤਾ ਗਿਆ।
‘ਵੰਦੇ ਭਾਰਤ’ ਗੱਡੀ ਸਿੱਖਾਂ ਲਈ ਸੌਗਾਤ: ਲਾਲਪੁਰਾ
ਸ੍ਰੀ ਅਨੰਦਪੁਰ ਸਾਹਿਬ (ਬੀਐੱਸ ਚਾਨਾ): ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਊਨਾ (ਹਿਮਾਚਲ ਪ੍ਰਦੇਸ਼) ਫੇਰੀ ਨੂੰ ਇਤਿਹਾਸਕ ਕਰਾਰ ਦਿੱਤਾ। ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖਾਂ ਨੂੰ ਭਾਰਤ ਦੀ ਚੌਥੀ ਸੁਪਰ ਫਾਸਟ ਟਰੇਨ ‘ਵੰਦੇ ਭਾਰਤ’ ਦੇ ਕੇ ਮੁੜ ਸਿੱਖ ਕੌਮ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਊਨਾ ਵਿੱਚ ਅੱਜ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਹਿਮਾਚਲ ਸੂਬੇ ਦਾ ਹੀ ਨਹੀਂ ਬਲਕਿ ਰੋਪੜ ਜ਼ਿਲ੍ਹੇ ਨੂੰ ਵੀ ਫਾਇਦਾ ਹੋਵੇਗਾ।