ਪੱਤਰ ਪ੍ਰੇਰਕ
ਚੰਡੀਗੜ੍ਹ, 4 ਅਪਰੈਲ
ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼, ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਬੀਡੀਐੱਸ ਦੇ ਆਉਣ ਵਾਲੇ ਨਵੇਂ ਬੈਚ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਇਸ ਦੇ ਚਲਦਿਆਂ ਪੀਯੂ ਦੇ ਲਾਅ ਆਡੀਟੋਰੀਅਮ ਵਿੱਚ ਸ਼ਾਨਦਾਰ ‘ਸਫ਼ੈਦ ਕੋਟ ਸਮਾਰੋਹ’ ਕਰਵਾਇਆ ਗਿਆ। ਸਮਾਰੋਹ ਵਿੱਚ ਛੱਤੀਸਗੜ੍ਹ ਦੇ ਰਾਜਪਾਲ ਅਨੁਸੂਈਆ ਉਈਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ, ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਰੇਣੂ ਵਿੱਗ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਜਗਤ ਭੂਸ਼ਣ, ਡੀਨ ਰਿਸਰਚ ਪ੍ਰੋ. ਸੁਧੀਰ ਕੁਮਾਰ ਅਤੇ ਸੀਏ ਵਿਕਰਮ ਨਈਅਰ ਵੀ ਹਾਜ਼ਰ ਸਨ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਇਕਾਗਰ ਰਹਿਣ ਅਤੇ ਦ੍ਰਿੜ ਇਰਾਦੇ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਸਲਾਹ ਦਿੱਤੀ। ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਲਈ ਸਲਾਹ ਦਿੱਤੀ। ਸੰਸਥਾ ਦੇ ਪ੍ਰਿੰਸੀਪਲ-ਕਮ-ਡਾਇਰੈਕਟਰ ਪ੍ਰੋ.(ਡਾ.) ਹੇਮੰਤ ਬੱਤਰਾ ਨੇ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸਮਾਰੋਹ ਵਿੱਚ ਸਫ਼ੈਦ ਕੋਟ ਹਾਸਲ ਕਰਨ ਉਪਰੰਤ ਵਿਦਿਆਰਥੀਆਂ ਨੇ ਡੈਂਟਲ ਸਹੁੰ ਵੀ ਚੁੱਕੀ। ਅੰਤ ਵਿੱਚ ਇੰਸਟੀਚਿਊਟ ਤੋਂ ਪ੍ਰੋ. ਦੀਪਕ ਗੁਪਤਾ ਨੇ ਸਮਾਰੋ ਵਿੱਚ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕੀਤਾ।