ਮਿਹਰ ਸਿੰਘ
ਕੁਰਾਲੀ, 2 ਜੂਨ
ਸਬ-ਤਹਿਸੀਲ ਮਾਜਰੀ ਅਧੀਨ ਪੈਂਦੇ 14 ਪਟਵਾਰ ਸਰਕਲਾਂ ਦੇ 41 ਪਿੰਡਾਂ ਵਿੱਚ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਟਵਾਰੀਆਂ ਵਲੋਂ ਵਾਧੂ ਚਾਰਜ ਛੱਡਣ ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਬਲਾਕ ਮਾਜਰੀ ਅਧੀਨ ਪੈਂਦੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਤਹਿਸੀਲ ਮਾਜਰੀ ਅਧੀਨ ਆਉਂਦੇ ਕਾਨੂੰਗੋਈ ਮਾਜਰੀ, ਖਿਜ਼ਰਾਬਾਦ ਅਤੇ ਮੁੱਲਾਂਪੁਰ ਦੇ ਪਟਵਾਰੀਆਂ ਨੇ ਆਪਣੇ ਸਰਕਲਾਂ ਤੋਂ ਇਲਾਵਾ ਹੋਰ ਸਰਕਲਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਕਾਰਨ ਸਬ-ਤਹਿਸੀਲ ਮਾਜਰੀ ਦੇ 14 ਪਟਵਾਰ ਸਰਕਲਾਂ ਦੇ 41 ਪਿੰਡਾਂ ਵਿੱਚ ਕੋਈ ਪਟਵਾਰੀ ਨਹੀਂ ਹੈ। ਪਟਵਾਰੀ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ, ਲਿਮਟ ਬਣਾਉਣ, ਸਰਟੀਫਿਕੇਟ ਬਣਾਉਣ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਕੰਮ ਕਰਵਾਉਣ ਲਈ ਭਟਕਣਾ ਪੈਂਦਾ ਹੈ। ਇਲਾਕਾ ਨਿਵਾਸੀ ਰਾਣਾ ਕੁਸ਼ਲਪਾਲ, ਸਤਨਾਮ ਸਿੰਘ, ਰਵੀ ਰਾਠੌਰ, ਗੁਰਮੇਲ ਸਿੰਘ, ਹਰਚਰਨ ਸਿੰਘ ਨੇ ਸਰਕਾਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਲੋਕ ਹਿੱਤ ਮਿਸ਼ਨ ਨੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡਣ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆ ਹੱਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸਾਂਟੂ, ਦਰਸ਼ਨ ਸਿੰਘ ਨਾਗਰਾ, ਛੱਜੂ ਰਾਣਾ ਅਤੇ ਰਾਣਾ ਰਿਸ਼ੀਪਾਲ ਨੇ ਕਿਹਾ ਕਿ ਪਟਵਾਰੀਆਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ।
ਐੱਸਡੀਐੱਮ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਬਾਰੇ ਜਦੋਂ ਐੱਸਡੀਐੱਮ ਖਰੜ ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਸੇਵਾਮੁਕਤ ਪਟਵਾਰੀ ਰੱਖੇ ਜਾ ਰਹੇ ਹਨ ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।