ਸ਼ਸ਼ੀ ਪਾਲ ਜੈਨ/ਦਰਸ਼ਨ ਸਿੰਘ ਸੋਢੀ
ਖਰੜ/ਮੁਹਾਲੀ, 7 ਅਕਤੂਬਰ
ਸੀਆਈਏ ਸਟਾਫ਼ ਖਰੜ ਅਤੇ ਥਾਣਾ ਸਿਟੀ ਖਰੜ ਦੀ ਪੁਲੀਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਅਸਲਾ, ਤਿੰਨ ਵਾਹਨਾਂ, ਸੋਨੇ ਦੀਆਂ 9 ਚੇਨੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਖਰੜ ਵਿੱਚ ਹੋਏ ਇੱਕ ਕਤਲ ਕੇਸ ਨੂੰ ਸੁਲਝਾਉਣ ਦਾ ਵੀ ਦਾਅਵਾ ਕੀਤਾ ਹੈ।
ਐੱਸਐੱਸਪੀ ਸ੍ਰੀ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਖਰੜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵ ਚੌਪੜਾ, ਵਿਜੈ ਕੁਮਾਰ, ਮੁਸਤਕੀਮ ਅਲੀ, ਸਲਮਾਨ ਖਾਨ (ਸਾਰੇ ਵਾਸੀ ਖਰੜ) ਅਤੇ ਕਰਨਬੀਰ ਸਿੰਘ ਵਾਸੀ ਪਿੰਡ ਇਨਾ ਖੇੜਾ (ਮਲੋਟ) ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ ਉੱਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲੀਸ ਨੇ ਛਾਪਾ ਮਾਰ ਕੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰਨਬੀਰ ਮੌਜੂਦਾ ਸਮੇਂ ਵਿੱਚ ਦਸਮੇਸ਼ ਐਨਕਲੇਵ, ਮੁੰਡੀ ਖਰੜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਸ਼ਿਵ ਚੋਪੜਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਪੁਰਾਣੀ ਮਾਤਾ ਗੁਜਰੀ ਐਨਕਲੇਵ ਖਰੜ ਵਿੱਚ ਇੱਕ ਬਜ਼ੁਰਗ ਔਰਤ ਕਮਲਜੀਤ ਕੌਰ ਦਾ ਮਫ਼ਲਰ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ 30 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਕਤਲ ਦੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਮੁਲਜ਼ਮ, ਬਜ਼ੁਰਗ ਔਰਤ ਦੇ ਘਰ ਕਿਰਾਏ ’ਤੇ ਰਹਿੰਦਾ ਰਿਹਾ ਹੈ। ਸ਼ਿਵ ਚੋਪੜਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਤਾ ਗੁਜਰੀ ਐਨਕਲੇਵ ਖਰੜ, ਸਨੀ ਐਨਕਲੇਵ ਖਰੜ, ਗਿਲਕੋ ਵੈਲੀ ਮਾਰਕੀਟ, ਜੰਡਪੁਰ ਰੋਡ ਖਰੜ ਵਿੱਚ ਵੱਖ-ਵੱਖ ਥਾਵਾਂ ਤੋਂ ਚੇਨ ਸਨੈਚਿੰਗ ਦੀਆਂ 9 ਵਾਰਦਾਤਾਂ, ਮੋਬਾਈਲ ਸਨੈਚਿੰਗ, ਕਰਿਆਨੇ ਦੀ ਦੁਕਾਨਾਂ ਤੋਂ ਨਗਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਅਸਲਾ, ਸੋਨੇ ਦੀਆਂ ਚੇਨੀਆਂ ਤੇ ਵਾਹਨ ਬਰਾਮਦ
ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੋਨੇ ਦੀਆਂ 9 ਚੇਨੀਆਂ, ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਗਏ ਨਾਜਾਇਜ਼ ਹਥਿਆਰ (ਵਿਦੇਸ਼ੀ ਪਿਸਤੌਲ), 3 ਰੌਂਦ, 2 ਖਿਡੌਣਾ ਪਿਸਤੌਲਾਂ, 3 ਵਾਹਨ (2 ਮੋਟਰਸਾਈਕਲ ਅਤੇ ਇੱਕ ਸਕੂਟਰ) ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।