ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਪਰੈਲ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਅਧਿਆਪਕ ਤੇ ਵਿਦਿਆਰਥੀ ਖੁਆਰ ਹੋਏ। ਅੱਜ ਕਈ ਸਕੂਲਾਂ ਵਿੱਚ 50 ਫੀਸਦੀ ਅਧਿਆਪਕ ਆਏ ਜਦਕਿ ਕਈ ਸਕੂਲਾਂ ਵਿੱਚ ਹਾਜ਼ਰੀ ਸੌ ਫ਼ੀਸਦ ਰਹੀ। ਅੱਜ ਸਾਰਾ ਦਿਨ ਅਧਿਆਪਕ ਪ੍ਰਿੰਸੀਪਲਾਂ ਤੋਂ ਨਵੇਂ ਹੁਕਮਾਂ ਦੀਆਂ ਕਨਸੋਆਂ ਲੈਂਦੇ ਰਹੇ। ਇਸ ਤੋਂ ਬਾਅਦ ਅੱਜ ਸ਼ਾਮ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਭਲਕ ਤੋਂ ਸਰਕਾਰੀ ਸਕੂਲਾਂ ਵਿੱਚ 50 ਫੀਸਦੀ ਸਟਾਫ ਸੱਦਣ ਸਬੰਧੀ ਪੱਤਰ ਜਾਰੀ ਕੀਤਾ। ਪ੍ਰਸ਼ਾਸਕ ਨੇ ਦੋ ਦਿਨ ਪਹਿਲਾਂ ਸਾਰੇ ਸਰਕਾਰੀ ਦਫਤਰਾਂ ਵਿੱਚ 50 ਫੀਸਦੀ ਸਟਾਫ ਸੱਦਣ ਦੇ ਨਿਰਦੇਸ਼ ਦਿੱਤੇ ਸਨ ਪਰ ਸਿੱਖਿਆ ਵਿਭਾਗ ਆਪਣੇ ਅਧਿਆਪਕਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰਨਾ ਭੁੱਲ ਗਿਆ। ਇਸ ਤੋਂ ਬਾਅਦ 18 ਅਪਰੈਲ ਨੂੰ ਕਲੱਸਟਰ ਹੈੱਡਾਂ ਨੇ ਪ੍ਰਿੰਸੀਪਲਾਂ ਨੂੰ ਸੰਦੇਸ਼ ਦਿੱਤਾ ਕਿ 19 ਅਪਰੈਲ ਨੂੰ ਪੂਰਾ ਸਟਾਫ ਹੀ ਸੱਦਿਆ ਜਾਵੇ ਕਿਉਂਕਿ ਇਸ ਦਿਨ ਦੋ ਪ੍ਰੀਖਿਆਵਾਂ ਹੋਣੀਆਂ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ 50 ਫੀਸਦੀ ਅਧਿਆਪਕਾਂ ਨੂੰ ਵਾਰੀ ਵਾਰੀ ਸਕੂਲ ਬੁਲਾਇਆ ਜਾਵੇ। ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਤੇ ਏਡਿਡ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਈ ਵੀ ਸਕੂਲ ਹੁਣ ਵਿਦਿਆਰਥੀਆਂ ਦੀ ਆਫਲਾਈਨ ਪ੍ਰੀਖਿਆ ਨਹੀਂ ਕਰਵਾਏਗਾ।
ਬੱਚਿਆਂ ਦੇ ਘਰ ਨਾ ਪੁੱਜਣ ’ਤੇ ਸਕੂਲ ਪੁੱਜੇ ਮਾਪੇ
ਇਹ ਵੀ ਪਤਾ ਲੱਗਿਆ ਹੈ ਕਿ 17 ਅਪਰੈਲ ਨੂੰ ਸਰਕਾਰੀ ਸਕੂਲਾਂ ਵਿੱਚ ਨੌਵੀਂ ਜਮਾਤ ਦਾ ਪੇਪਰ ਸੀ ਪਰ ਲੌਕਡਾਊਨ ਕਾਰਨ ਇਹ ਪ੍ਰੀਖਿਆ ਨਾ ਹੋ ਸਕੀ। ਇਸ ਲਈ ਸਕੂਲ ਮੁਖੀਆਂ ਨੂੰ 19 ਅਪਰੈਲ ਨੂੰ ਦੋਵੇਂ ਪ੍ਰੀਖਿਆਵਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਸ ਬਾਰੇ ਕਈ ਸਕੂਲਾਂ ਨੇ ਮਾਪਿਆਂ ਨੂੰ ਜਾਣਕਾਰੀ ਨਹੀਂ ਦਿੱਤੀ। ਅੱਜ ਜਦੋਂ 12.30 ਵਜੇ ਪੇਪਰ ਖਤਮ ਹੋਣ ਤੋਂ ਬਾਅਦ ਬੱਚੇ ਘਰ ਨਾ ਪੁੱਜੇ ਤਾਂ ਵੱਡੀ ਗਿਣਤੀ ਮਾਪੇ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਦੀ ਜਾਣਕਾਰੀ ਲੈਣ ਪੁੱਜੇ ਅਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਵਿਦਿਆਰਥੀਆਂ ਦੇ ਦੋ ਦੋ ਪੇਪਰ ਹੋ ਰਹੇ ਹਨ, ਇਸ ਕਰਕੇ ਦੇਰੀ ਨਾਲ ਛੁੱਟੀ ਹੋਵੇਗੀ। ਮਾਪਿਆਂ ਨੇ ਮੰਗ ਕੀਤੀ ਕਿ ਵਿਭਾਗ ਨੂੰ ਇਸ ਮਾਮਲੇ ਬਾਰੇ ਮਾਪਿਆਂ ਨੂੰ ਅਗਾਊਂ ਜਾਣੂ ਕਰਵਾਉਣਾ ਚਾਹੀਦਾ ਸੀ।