ਦਰਸ਼ਨ ਸਿੰਘ ਸੋਢੀ/ਹਰਜੀਤ ਸਿੰਘ
ਐਸ.ਏ.ਐਸ. ਨਗਰ (ਮੁਹਾਲੀ)/ਜ਼ੀਰਕਪੁਰ, 15 ਨਵੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਟੀ-20 ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਦਾ ਪਰਦਾਫਾਸ਼ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੈਪਟਾਪ ਅਤੇ 22 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਤੀਆ ਸਿਟੀ ਜ਼ੀਰਕਪੁਰ ਦੇ ਫਲੈਟ ਵਿੱਚ ਕੁਝ ਵਿਅਕਤੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੀ-20 ਕ੍ਰਿਕਟ ਦੇ ਫਾਈਨਲ ਮੈਚ ’ਤੇ ਸੱਟਾ ਲਗਾ ਕੇ ਲੋਕਾਂ ਨਾਲ ਧੋਖਾਧੜੀ ਕਰਕੇ ਪੈਸੇ ਹੜੱਪ ਰਹੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਛਾਪਾ ਮਾਰ ਕੇ ਧਰਮਵੀਰ, ਮਨੋਜ ਕੁਮਾਰ, ਰਾਜ ਕੁਮਾਰ ਵਾਸੀ ਸਿਰਸਾ, ਰਾਜੀਵ ਕੁਮਾਰ ਸਿਰਸਾ ਤੇ ਵਿਸ਼ਾਲ ਕੁਮਾਰ ਸਾਰੇ ਵਾਸੀ ਸਿਰਸਾ (ਹਰਿਆਣਾ) ਅਤੇ ਸੁਨੀਲ ਕੁਮਾਰ ਵਾਸੀ ਸਰਦੂਲਗੜ੍ਹ (ਮਾਨਸਾ) ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਜ਼ੀਰਕਪੁਰ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਮਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਸੱਟਾ ਲਗਾਉਣ ਦਾ ਧੰਦਾ ਕਰਦੇ ਆ ਰਹੇ ਸਨ। ਪਹਿਲਾਂ ਇਹ ਪੰਜਾਬ ਸਮੇਤ ਹਰਿਆਣਾ ਅਤੇ ਹੋਰਨਾਂ ਸੂਬਿਆਂ ਵਿੱਚ ਬੈਟਿੰਗ ਦਾ ਕੰਮ ਕਰਦੇ ਸਨ ਅਤੇ ਹੁਣ ਇਹ ਮੋਤੀਆ ਸਿਟੀ ਮੁਲਜ਼ਮ ਧਰਮਵੀਰ ਦੇ ਫਲੈਟ ਵਿੱਚ ਟੀ-20 ਵਰਲਡ ਕੱਪ ਦੇ ਚੱਲ ਰਹੇ ਕ੍ਰਿਕਟ ਮੈਚਾਂ ਵਿੱਚ ਲੋਕਾਂ ਨੂੰ ਬੈਟਿੰਗ ਰਾਹੀਂ ਸੱਟਾ ਲਗਵਾ ਰਹੇ ਸਨ ਅਤੇ ਮੋਟੀ ਕਮਾਈ ਕਰਕੇ ਉਕਤ ਸਾਰੇ ਮੁਲਜ਼ਮ ਆਪਸ ਵਿੱਚ ਮਿਲ ਕੇ ਫਾਈਨਾਂਸ ਦਾ ਕੰਮ ਕਰਦੇ ਸਨ। ਇਸ ਧੰਦੇ ਦੀ ਕਮਾਈ ਨਾਲ ਹੀ ਧਰਮਵੀਰ ਨੇ ਮੋਤੀਆ ਸਿਟੀ ਜ਼ੀਰਕਪੁਰ ਵਿੱਚ ਉਕਤ ਫਲੈਟ ਖਰੀਦਿਆ ਸੀ।
ਪੁਲੀਸ ਮੁਖੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਵਿੱਚ ਇਨ੍ਹਾਂ ਤੋਂ ਅੱਗੇ ਸਰਗਣੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਵੱਲੋਂ ਚਲਾਏ ਜਾ ਰਹੇ ਬੈਟਿੰਗ ਦੇ ਵੱਡੇ ਨੈਟਵਰਕ ਅਤੇ ਵੈਬਸਾਈਟ ਰਾਹੀਂ ਬੁੱਕੀਆ ਨਾਜਾਇਜ਼ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕੇ।