ਪੱਤਰ ਪ੍ਰੇਰਕ
ਬਸੀ ਪਠਾਣਾਂ, 12 ਸਤੰਬਰ
ਸਰਹਿੰਦ ਤੋਂ ਮੁੜ ਰਹੇ 6 ਨੌਜਵਾਨਾਂ ਦੀ ਕਾਰ ਲੋਹੇ ਦੀਆਂ ਪਾਈਪਾਂ ਵਾਲੇ ਟਰੱਕ ਪਿੱਛੇ ਜਾ ਟਕਰਾਈ ਜਿਸ ਕਾਰਨ ਕਾਰ ਸਵਾਰ ਨੌਜਵਾਨ ਜ਼ਖ਼ਮੀ ਹੋ ਗਏ ਪਰ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਿੰਡ ਨਿਆਮੂਮਾਜਰਾ ਦੇ ਵਸਨੀਕ ਨੌਜਵਾਨ ਅਤਿੰਦਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਤਰਨਵੀਰ ਸਿੰਘ, ਤੇਜਵੀਰ ਸਿੰਘ, ਤਲਵਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਸਰਹਿੰਦ ਵਿੱਚ ਲੱਗਾ ਕਾਰਨੀਵਾਲ ਫੈਸਟੀਵਲ ਦੇਖਣ ਤੋਂ ਬਾਅਦ ਕਾਰ ਵਿੱਚ ਰਾਤ ਨੂੰ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਸੰਧੂ ਢਾਬਾ ਮੰਡੋਫਲ ਕੋਲ ਪਹੁੰਚੇ ਤਾਂ ਬਿਨਾਂ ਲਾਈਟਾਂ ਤੋਂ ਲੋਹੇ ਦੀਆਂ ਪਾਈਪਾਂ ਲੱਦ ਕੇ ਸੜਕ ’ਤੇ ਜਾ ਰਹੇ ਇੱਕ ਟਰੱਕ ਵੱਲੋਂ ਅਚਾਨਕ ਬਰੇਕ ਲਗਾ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਦੇ ਡਾਲੇ ਤੋਂ ਬਾਹਰ ਨਿਕੱਲੇ ਲੋਹੇ ਦੇ ਪਾਈਪਾਂ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਸਵਾਰਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ
ਲਾਲੜੂ (ਪੱਤਰ ਪ੍ਰੇਰਕ) ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ 41 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਹੌਲਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਝਰਮੜੀ ਆਪਣੇ ਮੋਟਰਸਾਈਕਲ ’ਤੇ ਲਾਲੜੂ ਤੋਂ ਝਰਮੜੀ ਜਾ ਰਿਹਾ ਸੀ, ਜਿਵੇਂ ਹੀ ਉਹ ਪਿੰਡ ਝਰਮੜੀ ਦੇ ਮੋੜ ਨੇੜੇ ਪੁੱਜਾ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਬਲਜੀਤ ਸਿੰਘ ਮੋਟਰਸਾਈਕਲ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਾਇਆ ਗਿਆ, ਜਿਥੇ ਦੌਰਾਨੇ ਇਲਾਜ਼ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਸੰਦੀਪ ਦੇ ਬਿਆਨ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕਾਰ ਦੀ ਫੇਟ ਲੱਗਣ ਕਾਰਨ ਥ੍ਰੀ-ਵੀਲ੍ਹਰ ਚਾਲਕ ਹਲਾਕ
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ) ਮੁੱਲਾਂਪੁਰ ਗਰੀਬਦਾਸ ਤੋਂ ਮਾਜਰਾ ਜਾਣ ਵਾਲੇ ਮੁੱਖ ਮਾਰਗ ਉਤੇ ਏਅਰ ਫੋਰਸ ਸਟੇਸ਼ਨ ਨੇੜੇ ਇੱਕ ਅਨੋਵਾ ਕਾਰ ਦੀ ਅਚਾਨਕ ਫੇਟ ਲੱਗਣ ਕਾਰਨ ਇੱਕ ਥ੍ਰੀ-ਵੀਲ੍ਹਰ ਚਾਲਕ ਦੀ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਪਿੰਡ ਕਰਤਾਰਪੁਰ ਨੇ ਦੱਸਿਆ ਕਿ ਉਸ ਦਾ ਭਰਾ ਰਮਨ ਜੋ ਥਰੀਵੀਲਰ ਚਲਾ ਕੇ ਘਰੇਲੂ ਗੁਜ਼ਾਰਾ ਕਰਦਾ ਹੈ। ਜਿਸ ਦੇ ਥ੍ਰਪ-ਵੀਲ੍ਹਰ ਨੂੰ ਕਿਸੇ ਅਨੋਵਾ ਕਾਰ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਥ੍ਰੀ-ਵੀਲ੍ਹਰ ਡਿਗ ਗਿਆ ਅਤੇ ਉਸ ਵਿੱਚ ਬੈਠਾ ਰਮਨ ਸਿੰਘ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਥਾਣਾ ਮੁੱਲਾਂਪੁਰ ਗਰੀਬਦਾਸ ’ਚ ਜਾਂਚ ਅਫਸਰ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਇਨੋਵਾ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।