ਆਤਿਸ਼ ਗੁਪਤਾ
ਚੰਡੀਗੜ੍ਹ, 16 ਜੂਨ
ਚੰਡੀਗੜ੍ਹ ਪ੍ਰਸ਼ਾਸਨ ਨੇ ਬਾਪੂਧਾਮ ਕਲੋਨੀ ਦੀ 7 ਹੋਰ ਖੇਤਰਾਂ ਨੂੰ ਕਰੋਨਾ ਪ੍ਰਭਾਵਿਤ ਜ਼ੋਨ ਵਿੱਚੋਂ ਬਾਹਰ ਕਰ ਦਿੱਤਾ ਹੈ। ਹੁਣ ਕੇਵਲ ਪਾਕੇਟ ਨੰਬਰ 15 ਵਿੱਚ ਕਰੋਨਾ ਦੇ ਮਰੀਜ਼ ਹੋਣ ਆਉਣ ਕਾਰਨ ਇਸ ਖੇਤਰ ਵਿੱਚ ਪਾਬੰਦੀਆਂ ਜਾਰੀ ਰਹਿਣਗੀਆਂ। ਇਸ ਗੱਲ ਦਾ ਪ੍ਰਗਟਾਵਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਕੇਟ ਨੰਬਰ-15 ’ਚ ਪਾਬੰਦੀ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਬਾਪੂਧਾਮ ਕਲੋਨੀ ਵਿੱਚ 52 ਦਿਨਾਂ ਤੋਂ ਲਗਾਤਾਰ ਕਰੋਨਾ ਦੇ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਉਣ ’ਤੇ ਯੂਟੀ ਪ੍ਰਸ਼ਾਸਨ ਨੇ ਕਲੋਨੀ ਨੂੰ ਕਰੋਨਾ ਪ੍ਰਭਾਵਿਤ ਖੇਤਰ ਐਲਾਨਦਿਆਂ 20 ਪਾਕੇਟਾਂ ਵਿੱਚ ਵੰਡ ਦਿੱਤਾ ਸੀ। ਇਨ੍ਹਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟਣ ’ਤੇ 12 ਪਾਕੇਟਾਂ ਨੂੰ ਪਹਿਲਾਂ ਹੀ ਕਰੋਨਾ ਪ੍ਰਭਾਵਿਤ ਖੇਤਰ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ 7 ਪਾਕੇਟਾਂ ਵਿੱਚ ਅੱਜ ਢਿੱਲ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਲੰਘੇ ਦਿਨ ਬਾਪੂ ਧਾਮ ਕਲੋਨੀ ਦੇ ਵਸਨੀਕਾਂ ਨੇ ਇਲਾਕੇ ਨੂੰ ਕਰੋਨਾ ਪ੍ਰਭਾਵਿਤ ਖੇਤਰ ਵਿੱਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਕੰਟੇਨਮੈਂਟ ਜ਼ੋਨ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕਲੋਨੀ ਦੇ ਜਿਹੜੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਕਰੋਨਾ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ, ਉਨ੍ਹਾਂ ਵਿੱਚ ਢਿੱਲ ਦਿੱਤੀ ਜਾਵੇ।
ਰਾਜਨੀਤਕ ਦਬਾਅ ਹੇਠ ਨਹੀਂ ਲਿਆ ਫੈਸਲਾ: ਪਰੀਦਾ
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਕਿਸੇ ਰਾਜਨੀਤਕ ਦਬਾਅ ਹੇਠ ਨਹੀਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਪੂਧਾਮ ਕਲੋਨੀ ਦੇ ਜਿਹੜੇ ਇਲਾਕਿਆਂ ਨੂੰ ਕਰੋਨਾ ਪ੍ਰਭਾਵਿਤ ਖੇਤਰ ਤੋਂ ਬਾਹਰ ਕੀਤਾ ਗਿਆ ਹੈ, ਉੱਥੇ ਸੈਨੀਟਾਈਜ਼ੇਸ਼ਨ ਦਾ ਧਿਆਨ ਰੱਖਿਆ ਜਾਵੇਗਾ ਅਤੇ ਸਮੇਂ-ਸਮੇਂ ’ਤੇ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ।
ਏਲਾਂਤੇ ਮਾਲ ਨੂੰ ਸੁਰੱਖਿਅਤ ਐਲਾਨਿਆ
ਚੰਡੀਗੜ੍ਹ (ਹਰਦੇਵ ਚੌਹਾਨ): ਸਰਟੀਫਿਕੇਸ਼ਨ ਸੰਗਠਨ ਬਿਊਰੋ ਵੇਰਿਟਾਸ ਨੇ ਮੁਲਾਂਕਣ ਤੋਂ ਬਾਅਦ ਏਲਾਂਤੇ ਮਾਲ ਨੂੰ ਸੁਰੱਖਿਅਤ ਐਲਾਨ ਦਿੱਤਾ ਹੈ। ਏਲਾਂਤੇ ਮਾਲ ਆਪਣੇ ਗਾਹਕਾਂ, ਰਿਟੇਲਰਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਅ ਲਈ ਸਫ਼ਾਈ ਦੇ ਉਚ ਦਰਜੇ ਦੇ ਮਾਪਦੰਡਾਂ ਦਾ ਪਾਲਣ ਕਰ ਰਿਹਾ ਹੈ। ਇਹ ਆਡਿਟ ਵਿਸਤਾਰ ਐੱਸਓਪੀ ਦੇ ਆਧਾਰ ਉੱਤੇ ਕੀਤਾ ਗਿਆ ਹੈ ਜਿਨ੍ਹਾਂ ਨੂੰ ਸੌਪਿੰਗ ਸੈਂਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਅਤੇ ਸਥਾਨਕ ਅਥਾਰਿਟੀਆਂ ਨੇ ਤੈਅ ਕੀਤਾ ਹੈ। ਇਹ ਮਾਲ, ਨੈਕਸਸ ਮਾਲਜ਼ ਦਾ ਇੱਕ ਭਾਗ ਹੈ ਜਿਸ ਨੇ ਆਪਣੇ ਗਾਹਕਾਂ ਦੇ ਲਈ ਖਰੀਦਦਾਰੀ ਦੇ ਪੁਖਤਾ ਅਤੇ ਸੁਰੱਖਿਅਤ ਇੰਤਜ਼ਾਮ ਕੀਤੇ ਹਨ।
ਸੁਖਨਾ ਝੀਲ ਦਾ ਰੈਸਤਰਾਂ ਖੋਲ੍ਹਣ ਦੀ ਤਿਆਰੀ
ਸਿਟਕੋ ਵੱਲੋਂ ਸੁਖਨਾ ਝੀਲ ’ਤੇ ਸਥਿਤ ਸ਼ੈੱਫ ਲੇਕਵਿਊ ਰੈਸਤਰਾਂ ਜਲਦ ਹੀ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਰੈਸਤਰਾਂ ਵਿੱਚ ਸੈਨੀਟਾਈਜ਼ੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਗਾਹਕਾਂ ਨੂੰ ਮਾਸਕ, ਦਸਤਾਨੇ ਪਾ ਕੇ ਹੀ ਰੈਸਤਰਾਂ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਥਰਮਲ ਸਕਰੀਨਿੰਗ ਵੀ ਕੀਤੀ ਜਾਵੇਗੀ। ਸਿਟਕੋ ਦੀ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਸਿੱਧੂ ਨੇ ਦੱਸਿਆ ਸਿਟਕੋ ਚੰਡੀਗੜ੍ਹ ਵਿੱਚ ਸੈਲਾਨੀਆਂ ਦੇ ਲਈ ਇਕ ਬਰੈਂਡ ਵੱਜੋਂ ਪ੍ਰਸਿੱਧ ਹੈ ਜਿਸ ਨੇ ਸੁਖਨਾ ਝੀਲ ’ਤੇ ਸ਼ੈੱਫ ਲੇਕਵਿਊ ਰੈਸਤਰਾਂ ਮੁੜ ਖੋਲ੍ਹਣ ਦੀਆਂ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਊਨ੍ਹਾਂ ਕਿਹਾ ਕਿ ਸਿਟਕੋ ਵੱਲੋਂ ਰੈਸਤਰਾਂ ’ਚ ਸਫਾਈ ਅਤੇ ਗਾਹਕਾਂ ਦੀ ਸਿਹਤ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰੈਸਤਰਾਂ ਦੀ ਰਸੋਈ ਵਿੱਚ ਵੀ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਹੋਵੇਗੀ। ਸਿਟਕੋ ਅਨੁਸਾਰ ਸੁਖਨਾ ਝੀਲ ’ਤੇ ਸਥਿਤ ਪਾਰਲਰ ਅਤੇ ਰੈਸਤਰਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਜਿੱਥੇ ਵਾਧੂ ਸਫਾਈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਸੁਖਨਾ ਝੀਲ ਦੇ ਰੈਸਤਰਾਂ ਵਿੱਚੋਂ ਖਾਣਾ ਪੈਕ ਕਰਵਾ ਕੇ ਲਿਜਾਉਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ।