ਮਿਹਰ ਸਿੰਘ
ਕੁਰਾਲੀ, 2 ਮਾਰਚ
ਇੱਥੋਂ ਦੇ ਸਿਵਲ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ) ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਅੱਪਗ੍ਰੇਡ ਕਰਵਾਉਣ ਦੀ ਮੰਗ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਵਿੱਚ ਸ਼ਾਮਿਲ ਹੋਈ। ਭੁੱਖ ਹੜਤਾਲ ਦੌਰਾਨ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ 72 ਘੰਟਿਆਂ ਦਾ ਅਲਟੀਮੇਟ ਦਿੰਦਿਆਂ ਸੰਘਰਸ਼ ਨੂੰ ਨਵਾਂ ਰੂਪ ਦੇਣ ਦਾ ਐਲਾਨ ਕੀਤਾ ਗਿਆ।
ਲੜੀਵਾਰ ਭੁੱਖ ਹੜਤਾਲ ਦੌਰਾਨ ਅੱਜ ਦੂਜੇ ਦਿਨ ਰਣਜੀਤ ਸਿੰਘ ਕਾਕਾ ਮਾਰਸ਼ਲ ਤੋਂ ਇਲਾਵਾ ਵਿਕਰਮਜੀਤ ਸਿੰਘ ਵਿੱਕੀ ਚਨਾਲੋਂ, ਅਵਤਾਰ ਸਿੰਘ ਤਾਰੀ ਤੇ ਲੇਖਕ ਅਮਨਦੀਪ ਸਿੰਘ ਆਜ਼ਾਦ ਆਦਿ ਭੁੱਖ ਹੜਤਾਲ ’ਤੇ ਬੈਠੇ। ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਦੱਸਿਆ ਕਿ ਲੋਕਾਂ ਦਾ ਹਸਪਤਾਲ ਨੂੰ ਅਪਗ੍ਰੇਡ ਕਰਾਉਣ ਲਈ ਕੀਤੇ ਸੰਘਰਸ਼ ਪ੍ਰਤੀ ਨਜ਼ਰੀਆ ਬਹੁਤ ਹੀ ਹਾਂ ਪੱਖੀ ਹੈ। ਇਸ ਸੰਘਰਸ਼ ਨੂੰ ਹਰ ਵਰਗ ਤੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਕਾਕਾ ਮਾਰਸ਼ਲ ਨੇ ਦੱਸਿਆ ਕਿ ਇਸ ਭੁੱਖ ਹੜਤਾਲ ਨਾਲ ਜੇਕਰ ਸਰਕਾਰ ਨਾ ਜਾਗੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇ ਅਤੇ ਸਖ਼ਤ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਕੱਲ੍ਹ ਤੋਂ ਪੰਜਾਬ ਸਰਕਾਰ ਨੂੰ 72 ਘੰਟੇ ਦੇ ਸਮੇਂ ਦੌਰਾਨ ਹਸਪਤਾਲ ਨੂੰ ਅੱਪਗ੍ਰੇਡ ਕਰਨ ਅਤੇ ਸਮੇਂ ਦਾ ਹਾਣੀ ਬਣਾਉਣ ਸਬੰਧੀ ਐਲਾਨ ਨਾ ਕੀਤਾ ਤਾਂ ਉਹ ਭੁੱਖ ਹੜਤਾਲ ਦੇ ਨਾਲ ਨਾਲ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੋਣਗੇ। ਕਾਕਾ ਮਾਰਸ਼ਲ ਨੇ ਸਪੱਸ਼ਟ ਕੀਤਾ ਕਿ ਉਹ ਸਰਕਾਰ ਨੂੰ ਜਗਾਉਣ ਵਾਸਤੇ ਇਸ ਲੋਕ ਭਲਾਈ ਕਾਜ ਵਿਚ ਮਾਰਨ ਵਰਤ ’ਤੇ ਵੀ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ।
ਅੱਜ ਦੂਜੇ ਦਿਨ ਦੀ ਭੁੱਖ ਹੜਤਾਲ ਵਿੱਚ ਬਜ਼ੁਰਗ ਮਹਿਲਾ ਸ਼ੀਲਾ ਦੇਵੀ, ਸੁਰਿੰਦਰ ਸਿੰਘ ਲੇਹਲ ਨੱਗਲ ਗੜ੍ਹੀਆਂ, ਪ੍ਰੋ: ਜਗਤਾਰ ਸਿੰਘ, ਮਨਜਿੰਦਰ ਸਿੰਘ ਸਾਬੀ, ਗੁੱਡੂ ਸਲੇਮਪੁਰ, ਲੱਕੀ ਚਨਾਲੋਂ, ਲੋਕ ਗਾਇਕ ਓਮਿੰਦਰ ਓਮਾ, ਗੋਲਡੀ ਮੁੱਲਾਂਪੁਰ, ਅਮਨਦੀਪ ਸਿੰਘ ਗੋਲਡੀ ਅਤੇ ਰਾਜਿੰਦਰ ਪਾਲ ਮੁੱਲਾਂਪੁਰ ਆਦਿ ਨੇ ਹਾਜ਼ਰੀ ਲਵਾਈ।