ਪੀ. ਪੀ. ਵਰਮਾ
ਪੰਚਕੂਲਾ, 17 ਜੁਲਾਈ
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਅੱਜ ਪੇਚਿਸ਼ ਦੇ 74 ਮਰੀਜ਼ ਦਾਖ਼ਲ ਹੋਏ ਹਨ। ਇਨ੍ਹਾਂ ਵਿੱਚ 36 ਬੱਚੇ ਵੀ ਸ਼ਾਮਲ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾਕਟਰ ਮੁਕਤਾ ਕੁਮਾਰ ਅਨੁਸਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਸਿਹਤ ਵਿਭਾਗ ਹਰਿਆਣਾ ਵੱਲੋਂ ਪਾਣੀ ਦੇ ਸੈਂਪਲ ਭਰਨ ਦਾ ਕੰਮ ਲਗਾਤਾਰ ਜਾਰੀ ਹੈ। ਤਿੰਨ ਮਹੀਨੇ ਦੇ ਇੱਕ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਕਹਿਣ ’ਤੇ ਸਿਹਤ ਵਿਭਾਗ ਨੇ ਤਿੰਨ ਦਿਨਾਂ ਦੇ ਅੰਦਰ ਜਾਂਚ ਰਿਪੋਰਟ ਮੰਗੀ ਹੈ। ਅਭੈਪੁਰ ਦੇ ਬੱਚੇ ਦੇ ਬਿਮਾਰ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵੱਲੋਂ ਕਥਿਤ ਲਾਪ੍ਰਵਾਹੀ ਦੌਰਾਨ ਹੋਈ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਹੈ। ਮਾਮਲੇ ਦੀ ਜਾਂਚ ਪੰਚਕੂਲਾ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਸੁਵੀਰ ਸਕਸੈਨਾ ਕਰ ਰਹੇ ਹਨ।
ਉਧਰ, ਲੋਕਾਂ ਵਿੱਚ ਸਿਹਤ ਵਿਭਾਗ ਖ਼ਿਲਾਫ਼ ਕਾਫੀ ਰੋਸ ਹੈ। ਪਿੰਡ ਅਭੈਪੁਰ ਅਤੇ ਬੁੱਢਣਪੁਰ ਦੇ ਲੋਕ ਇਸ ਮਾਮਲੇ ਸਬੰਧੀ ਕੋਈ ਪ੍ਰਦਰਸ਼ਨ ਨਾ ਕਰਨ ਇਸ ਲਈ ਹਸਪਤਾਲ ਅਤੇ ਪਿੰਡ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਪਿੰਡ ਵਿੱਚ ਮੁਨਿਆਦੀ ਕਰਵਾਈ ਜਾ ਰਹੀ ਹੈ ਕਿ ਲੋਕ ਟੂਟੀ ਦਾ ਪਾਣੀ ਨਾ ਪੀਣ ਅਤੇ ਜਿਹੜਾ ਟੈਂਕਰਾਂ ਰਾਹੀਂ ਪਾਣੀ ਆ ਰਿਹਾ ਹੈ, ਉਸ ਪਾਣੀ ਦੀ ਵਰਤੋਂ ਹੀ ਕੀਤੀ ਜਾਵੇ।