ਪੱਤਰ ਪ੍ਰੇਰਕ
ਪੰਚਕੂਲਾ, 18 ਜੁਲਾਈ
ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਪੰਚਕੂਲਾ ਜ਼ਿਲ੍ਹੇ ਵਿੱਚ ਕਰੀਬ 75 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟ ਦਿੱਤੇ। ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਦੀ ਰਸਮ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਵੱਲੋਂ ਪੰਚਕੂਲਾ ਵਿੱਚ ਨਿਭਾਈ ਗਈ।
ਇਸ ਮੌਕੇ ਗਿਆਨਚੰਦ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਚਕੂਲਾ ਨੂੰ 5 ਵੱਡੇ ਪ੍ਰਾਜੈਕਟਾਂ ਦੇ ਰੂਪ ਵਿੱਚ ਇੱਕ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਐੱਮਡੀਸੀ ਸੈਕਟਰ-4 ’ਚ ਸ੍ਰੀ ਮਾਤਾ ਮਨਸਾ ਦੇਵੀ ਸਰਕਾਰੀ ਕਲਚਰ ਕਾਲਜ ਦਾ, ਸੈਕਟਰ-5 ਵਿੱਚ ਸਟੇਟ ਲਾਇਬ੍ਰੇਰੀ ਦੀ ਇਮਾਰਤ ਅਤੇ ਬਲਾਕ ਬਰਵਾਲਾ ਦੇ ਪਿੰਡ ਟੱਪਰੀਆਂ ਕੰਡੇਵਾਲਾ, ਕੈਂਬਵਾਲਾ, ਖੇਰਾਂਵਾਲੀ ਪਰਵਾਲਾ ਤੇ ਲਸ਼ਕਰੀਵਾਲਾ ’ਚ ਸੂਰਜੀ ਊਰਜਾ ਅਧਾਰਿਤ ਆਈਐੱਮਆਈ ਸਕੀਮਾਂ ਦਾ ਨੀਂਹ ਪੱਥਰ ਰੱਖੇ। ਇਸ ਤੋਂ ਇਲਾਵਾ ਸਪੀਕਰ ਨੇ ਸਰਕਾਰੀ ਹਾਈ ਸਕੂਲ ਰਾਏਪੁਰਾਨੀ ਦੀ ਇਮਾਰਤ ਅਤੇ ਵਨ ਸਟਾਪ ਸੈਂਟਰ ਪੰਚਕੂਲਾ ਦਾ ਉਦਘਾਟਨ ਕੀਤਾ।