ਆਤਿਸ਼ ਗੁਪਤਾ
ਚੰਡੀਗੜ੍ਹ, 8 ਫਰਵਰੀ
ਇੱਥੇ ਸੈਕਟਰ-61 ਵਿੱਚ ਸਥਿਤ ਪੁਲੀਸ ਚੌਕੀ ਨਾਲ ਲਗਦੇ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚੋਂ ਨਕਾਬਪੋਸ਼ ਨੌਜਵਾਨ ਨੇ ਬੰਦੂਕ ਦੀ ਨੋਕ ’ਤੇ 8.65 ਲੱਖ ਰੁਪਏ ਲੁੱਟ ਲਏ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਵਿੱਚ ਵਾਪਰੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਵੱਲੋਂ ਦੇਰ ਸ਼ਾਮ ਤੱਕ ਕੀਤੀ ਗਈ ਪੜਤਾਲ ਵਿੱਚ ਕੁਝ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚ 4 ਮੁਲਾਜ਼ਮ ਹਾਜ਼ਰ ਸਨ। ਇਸੇ ਦੌਰਾਨ ਇਕ ਨੌਜਵਾਨ ਨੇ ਬੈਂਕ ਵਿੱਚ ਦਾਖਲ ਹੋ ਕੇ ਬੈਂਕ ਖਾਤੇ ਦੀ ਜਾਣਕਾਰੀ ਲੈਣ ਦਾ ਬਹਾਨਾ ਬਣਾਇਆ। ਇਸ ਤੋਂ ਬਾਅਦ ਹਮਲਾਵਰ ਨੇ ਬੰਦੂਕ ਕੱਢ ਕੇ ਕੈਸ਼ੀਅਰ ਅਮਰਜੀਤ ਸਿੰਘ ਨੂੰ ਧਮਕੀ ਦਿੱਤੀ ਅਤੇ ਸਾਰੇ ਪੈਸਿਆਂ ਦੀ ਮੰਗ ਕੀਤੀ।
ਇਸ ਦੌਰਾਨ ਹਮਲਾਵਰ ਬੈਂਕ ਵਿੱਚ ਰੁਪਏ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ ਹੈ। ਬੈਗ ਵਿੱਚ 8 ਲੱਖ 65 ਹਜ਼ਾਰ ਰੁਪਏ ਸਨ। ਸੈਕਟਰ-61 ਵਿੱਚ ਸਥਿਤ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਚੰਡੀਗੜ੍ਹ ਅਤੇ ਪੰਜਾਬ ਦੀ ਹੱਦ ’ਤੇ ਹੋਣ ਕਰਕੇ ਲੁਟੇਰਿਆਂ ਦਾ ਪੰਜਾਬ ਵੱਲ ਭੱਜਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਚੰਡੀਗੜ੍ਹ ਅਤੇ ਮੁਹਾਲੀ ਪੁਲੀਸ ਦੀ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਐੱਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਸੈਕਟਰ-36 ਦੀ ਪੁਲੀਸ ਨੇ ਬਰਾਂਚ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬੈਂਕ ਵਿੱਚ ਨਹੀਂ ਹੈ ਕੋਈ ਸੁਰੱਖਿਆ ਕਰਮੀ
ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚ ਕੈਸ਼ ਕਾਉਂਟਰ ’ਤੇ ਬੈਠੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਬੈਂਕ ਸੈਕਟਰ-61 ਦੀ ਮਾਰਕੀਟ ਵਿੱਚ ਸਥਿਤ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਕੋਈ ਸੁਰੱਖਿਆ ਕਰਮੀ ਨਹੀਂ ਹੈ ਜਦਕਿ ਕਿਸੇ ਵੀ ਬੈਂਕ ਜਾਂ ਏਟੀਐੱਮ ਵਿੱਚ ਸਾਰਾ ਕੰਮ ਨਕਦੀ ਦਾ ਹੋਣ ਕਰਕੇ ਸੁਰੱਖਿਆ ਕਰਮੀ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ।