ਕੁਲਦੀਪ ਸਿੰਘ
ਚੰਡੀਗੜ੍ਹ, 1 ਸਤੰਬਰ
ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਕਰੋਨਾ ਦੇ 204 ਕੇਸਾਂ ਪੁਸ਼ਟੀ ਹੋਈ ਹੈ ਜਦਕਿ ਦੋ ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਮ ਦਰਬਾਰ (ਇੰਡਸਟਰੀਅਲ ਏਰੀਆ ਫੇਜ਼-1) ਨਿਵਾਸੀ ਕਰੋਨਾ ਪੀੜਤ 76 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਪਿੰਡ ਹੱਲੋਮਾਜਰਾ ਦੇ ਵਸਨੀਕ 24 ਸਾਲਾ ਵਿਅਕਤੀ ਜਿਸ ਨੂੰ 25 ਅਗਸਤ ਨੂੰ ਜੀ.ਐਮ.ਸੀ.ਐਚ.-32 ਵਿਖੇ ਬ੍ਰਾਊਟ ਡੈੱਡ ਲਿਆਂਦਾ ਗਿਆ ਸੀ, ਲਾਸ਼ ਦਾ ਕਰੋਨਾ ਟੈਸਟ ਕੀਤਾ ਗਿਆ। ਉਸ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਅੱਜ ਆਏ ਨਵੇਂ ਕੋਰੋਨਾ ਮਰੀਜ਼ ਸੈਕਟਰ 4, 7, 8, 10, 11, 12, 15, 16, 19, 20, 21, 22, 23, 24, 25, 26, 27, 28, 29, 30, 32, 33, 34, 35, 36, 37, 38, 38-ਵੈਸਟ, 39, 40, 41, 42, 43, 44, 45, 46, 47, 48, 50, 51, 56, 63, ਇੰਡਸਟ੍ਰੀਅਲ ਏਰੀਆ ਫੇਜ਼-2, ਪੀ.ਜੀ.ਆਈ. ਕੈਂਪਸ, ਬਾਪੂ ਧਾਮ ਕਾਲੋਨੀ, ਕਜਹੇੜੀ, ਬਹਿਲਾਣਾ, ਬੁੜੈਲ, ਧਨਾਸ, ਹੱਲੋਮਾਜਰਾ, ਮਲੋਇਆ, ਮਨੀਮਾਜਰਾ, ਮੌਲੀਜਾਗਰਾਂ, ਪਲਸੌਰਾ, ਹੱਲੋਮਾਜਰਾ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 120 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚੋਂ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। ਉਕਤ ਕੁੱਲ 204 ਵਿਅਕਤੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4550 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1939 ਹੋ ਗਈ ਹੈ।
ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 236 ਨਵੇਂ ਕੇਸ ਸਾਹਮਣੇ ਆਏ। ਇਹ ਪੰਚਕੂਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਗਿਣਤੀ ਦਾ ਰਿਕਾਰਡ ਹੈ ਅਤੇ ਇਸ ਦੇ ਨਾਲ ਹੀ ਦੋ ਕਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਕਰੋਨਾ ਦੇ ਟੈਸਟ ਵਧਾਉਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਕਰੋਨਾ ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਵੀ ਹਨ। ਸਿਲਵ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਤੋਂ ਪ੍ਰਭਾਵਿਤ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪੇ੍ਰਕ): ਜ਼ਿਲ੍ਹਾ ਮੁਹਾਲੀ ਵਿੱਚ ਮੰਗਲਵਾਰ ਨੂੰ ਕਰੋਨਾ ਦੇ 163 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3933 ’ਤੇ ਪਹੁੰਚ ਗਈ ਹੈ। ਅੱਜ ਪੁੱਡਾ ਦੇ ਮੁਲਾਜ਼ਮ ਸਮੇਤ ਪੰਜ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਊਂਜ ਅੱਜ 86 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੋ ਔਰਤਾਂ ਸਮੇਤ ਪੰਜ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੱਥੋਂ ਦੇ ਫੇਜ਼-1 ਦੀ 65 ਸਾਲਾ ਕਰੋਨਾ ਪੀੜਤ ਔਰਤ ਦੀ ਮੌਤ ਹੋ ਗਈ। ਉਹ ਇੱਥੋਂ ਦੇ ਗਰੇਸ਼ੀਅਨ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇੰਜ ਇਸੇ ਹਸਪਤਾਲ ਵਿੱਚ ਦਾਖ਼ਲ ਸੈਕਟਰ-68 ਦੇ ਵਸਨੀਕ 41 ਸਾਲਾ ਪੁਰਸ਼ ਦੀ ਮੌਤ ਹੋ ਗਈ ਹੈ। ਸਥਾਨਕ ਆਈਵੀਵਾਈ ਹਸਪਤਾਲ ਸੈਕਟਰ-71 ਵਿੱਚ ਦਾਖ਼ਲ ਖਰੜ ਦੀ 51 ਸਾਲਾ ਔਰਤ ਦੀ ਵੀ ਮੌਤ ਹੋ ਗਈ। ਪਿੰਡ ਘੜੂੰਆਂ ਦੇ 89 ਸਾਲਾ ਬਜ਼ੁਰਗ ਨੇ ਸੋਹਾਣਾ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਦੋਂਕਿ ਲਾਲੜੂ ਦੇ 65 ਸਾਲਾ ਵਿਅਕਤੀ ਨੇ ਸਿਵਲ ਹਸਪਤਾਲ ਅੰਬਾਲਾ ਵਿੱਚ ਦਮ ਤੋੜ ਦਿੱਤਾ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 163 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 72 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 18, ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 36, ਕੁਰਾਲੀ ਵਿੱਚ 7, ਢਕੌਲੀ ਵਿੱਚ 19, ਲਾਲੜੂ ਵਿੱਚ ਇਕ, ਬਨੂੜ ਵਿੱਚ ਦੋ ਅਤੇ ਡੇਰਾਬੱਸੀ ਵਿੱਚ ਕਰੋਨਾ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 1709 ਨਵੇਂ ਕੇਸ ਐਕਟਿਵ ਹਨ।
ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਵਰਿੰਦਰ ਧੂਤ ਦੀ ਰਿਪੋਰਟ ਪਾਜ਼ੇਟਿਵ
ਜ਼ੀਰਕਪੁਰ (ਪੱਤਰ ਪੇ੍ਰਕ): ਸਬ ਡਿਵੀਜ਼ਨ ਡੇਰਾਬੱਸੀ ਵਿੱਚ ਕਰੋਨਾ ਦਾ ਲਾਗ ਹੁਣ ਆਮ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਵੀ ਅਪੜਣ ਲੱਗ ਗਿਆ ਹੈ। ਇਥੋਂ ਦੀ ਸਬ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਵਰਿੰਦਰ ਧੂਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਰਿੰਦਰ ਧੂਤ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਦੂਜੇ ਪਾਸੇ ਉਨ੍ਹਾਂ ਦੀ ਥਾਂ ਜ਼ੀਰਕਪੁਰ ਸਬ ਤਹਿਸੀਲ ਦਾ ਚਾਰਜ ਡੇਰਾਬੱਸੀ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਦਿੱਤਾ ਗਿਆ ਹੈ।
ਪੁੱਡਾ ਮੁਲਾਜ਼ਮਾਂ ਵਿੱਚ ਦਹਿਸ਼ਤ
ਮੁਹਾਲੀ: ਪੁੱਡਾ/ਗਮਾਡਾ ਮੁਲਾਜ਼ਮ ਜਥੇਬੰਦੀ ਅਤੇ ਪੰਜਾਬ ਐਂਡ ਫੀਲਡ ਵਰਕਸ਼ਾਪ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਪੁੱਡਾ ਦੇ ਸੁਪਰਵਾਈਜ਼ਰ ਵੀਰਪਾਲ ਸਿੰਘ ਦੀ ਲੰਘੀ ਰਾਤ ਮੌਤ ਹੋ ਗਈ ਹੈ। ਉਹ ਗਰੇਸ਼ੀਅਨ ਵਿੱਚ ਦਾਖ਼ਲ ਸੀ। ਇੰਜ ਹੀ ਐਸਡੀਓ (ਬਿਲਡਿੰਗ) ਅਵਦੀਪ ਸਿੰਘ ਸਮੇਤ 4-5 ਹੋਰ ਮੁਲਾਜ਼ਮ ਵੀ ਕਰੋਨਾ ਤੋਂ ਪੀੜਤ ਹਨ। ਇਸ ਤੋਂ ਪਹਿਲਾਂ ਐਸਡੀਓ ਮਠਾੜੂ ਵੀ ਇਸ ਮਹਾਮਾਰੀ ਦੇ ਲਪੇਟੇ ਵਿੱਚ ਆ ਗਏ ਸੀ ਜਿਸ ਕਾਰਨ ਪੁੱਡਾ/ਗਮਾਡਾ ਦਫ਼ਤਰੀ ਮੁਲਾਜ਼ਮਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁੱਡਾ/ਗਮਾਡਾ ਦਫ਼ਤਰ ਵਿੱਚ ਪਬਲਿਕ ਡੀਲਿੰਗ ਬੰਦ ਕੀਤੀ ਜਾਵੇ ਅਤੇ 50 ਫੀਸਦੀ ਜਾਂ ਸੀਮਤ ਸਟਾਫ਼ ਨੂੰ ਹੀ ਦਫ਼ਤਰ ਸੱਦਿਆ ਜਾਵੇ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਕਰੋਨਾ ਕਾਰਨ ਪੰਜ ਮੌਤਾਂ
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕਰੋਨਾ ਦੇ ਮੰਗਲਵਾਰ ਨੂੰ 18 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 5 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਮੰਡੀ ਗੋਬਿੰਦਗੜ੍ਹ ਦੀਆਂ 2 ਔਰਤਾਂ ਅਤੇ 2 ਮਰਦ ਸ਼ਾਮਲ ਹਨ ਜਦੋਂ ਕਿ 1 ਵਿਅਕਤੀ ਅਮਲੋਹ ਦਾ ਹੈ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 26 ਹਜ਼ਾਰ 396 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 1131 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂਕਿ 169 ਵਿਅਕਤੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 224 ਨਵੇਂ ਸੈਂਪਲ ਲਏ ਗਏ ਹਨ, ਜਿਨ੍ਹਾਂ ਦੇ ਰਿਜ਼ਲਟ ਆਉਣਾ ਅਜੇ ਬਾਕੀ ਹੈ। ਜ਼ਿਲ੍ਹੇ ਵਿਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ 33 ’ਤੇ ਜਾ ਪੁੱਜੀ ਹੈ। ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ।