ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਕਤੂਬਰ
ਯੂਟੀ ਪ੍ਰਸ਼ਾਸਨ ਨੇ ਦੀਵਾਲੀ ’ਤੇ ਪਟਾਕਿਆਂ ਦਾ ਕਾਰੋਬਾਰ ਕਰਨ ਲਈ 96 ਵਿਅਕਤੀਆਂ ਨੂੰ ਆਰਜ਼ੀ ਤੌਰ ’ਤੇ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨ ਨੇ ਪਟਾਕਾ ਕਾਰੋਬਾਰੀਆਂ ਨੂੰ ਆਰਜ਼ੀ ਤੌਰ ’ਤੇ ਲਾਇਸੈਂਸ ਦੇਣ ਲਈ ਅਰਜ਼ੀਆਂ ਮੰਗ ਲਈਆਂ ਹਨ। ਇਹ ਅਰਜ਼ੀਆਂ 10 ਅਕਤੂਬਰ ਸਵੇਰੇ 10 ਵਜੇ ਤੋਂ 12 ਅਕਤੂਬਰ ਸ਼ਾਮ 4 ਵਜੇ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਲਈ ਪ੍ਰਸ਼ਾਸਨ ਨੇ 500 ਰੁਪਏ ਫੀਸ ਰੱਖੀ ਹੈ ਜੋ ਸੈਕਟਰ-16 ਸਥਿਤ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ, ਸੈਕਟਰ-17 ਵਿੱਚ ਅਸਟੇਟ ਦਫ਼ਤਰ ਦੇ ਨੇੜੇ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ 14 ਥਾਵਾਂ ’ਤੇ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਟਾਕਾ ਕਾਰੋਬਾਰੀਆਂ ਨੇ ਸਾਲ 2020 ਵਿੱਚ ਲਾਇਸੈਂਸ ਲੈਣ ਲਈ ਫੀਸ ਜਮ੍ਹਾਂ ਕਰਵਾਈ ਸੀ, ਉਨ੍ਹਾਂ ਨੂੰ ਦੁਬਾਰਾ ਫੀਸ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਨੇ ਸਾਲ 2020 ਵਿੱਚ ਕਾਰੋਬਾਰੀਆਂ ਨੂੰ ਪਟਾਕੇ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ ਅਤੇ ਨਾ ਹੀ ਅਰਜ਼ੀਆਂ ਤੇ ਫੀਸ ਜਮ੍ਹਾਂ ਕਰਵਾਉਣ ਵਾਲੇ ਕਾਰੋਬਾਰੀਆਂ ਦੀ ਫੀਸ ਵਾਪਸ ਕੀਤੀ ਸੀ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ 96 ਵਿਅਕਤੀਆਂ ਨੂੰ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਲਾਇਸੈਂਸ ਦਿੱਤੇ ਜਾਣਗੇ। ਇਸ ਲਈ 14 ਅਕਤੂਬਰ ਨੂੰ ਸਵੇਰੇ 10 ਵਜੇ ਅਸਟੇਟ ਦਫ਼ਤਰ ਦੇ ਨੇੜੇ ਡਰਾਅ ਕੱਢੇ ਜਾਣਗੇ। ਡਰਾਅ ਵਿੱਚ ਨੰਬਰ ਆਉਣ ਵਾਲੇ ਕਾਰੋਬਾਰੀਆਂ ਨੂੰ ਵੀ ਸ਼ਹਿਰ ਵਿੱਚ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਆਰਜ਼ੀ ਤੌਰ ’ਤੇ ਲਾਈਸੈਂਸ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਕਰੈਕਰਜ਼ ਐਸੋਸੀਏਸ਼ਨ ਵੱਲੋਂ ਯੂਟੀ ਪ੍ਰਸ਼ਾਸਨ ਤੋਂ ਪਟਾਕੇ ਚਲਾਉਣ ਅਤੇ ਵੇਚਣ ਸਬੰਧੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ’ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਦੀਵਾਲੀ ਵਾਲੇ ਦਿਨ ਦੋ ਘੰਟੇ ਰਾਤ ਨੂੰ 8 ਵਜੇ ਤੋਂ ਰਾਤ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੌਰਾਨ ਯੂਟੀ ਵਿੱਚ ਪਟਾਕਿਆਂ ਦੀ ਲੜੀ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ ਜਿਸ ਨਾਲ ਹਵਾ ਤੇ ਆਵਾਜ਼ ਪ੍ਰਦੁਸ਼ਣ ਜ਼ਿਆਦਾ ਹੁੰਦਾ ਹੈ ਅਤੇ ਗੰਦਗੀ ਵੀ ਫੈਲਦੀ ਹੈ।
ਪ੍ਰਸ਼ਾਸਨ ਨੇ ਸ਼ਹਿਰ ਵਿੱਚ ਆਨਲਾਈਨ ਪਟਾਕਿਆਂ ਦਾ ਕਾਰੋਬਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਪਾਬੰਦੀ ਦੇ ਬਾਵਜੂਦ ਆਨਲਾਈਨ ਪਟਾਕਿਆਂ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।