ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਅਕਤੂਬਰ
ਪਿੰਡ ਖੁੱਡਾ ਅਲੀਸ਼ੇਰ ਵਿੱਚ ਉਸਾਰੀ ਅਧੀਨ ਮਕਾਨ ਦੀ ਚਾਰਦੀਵਾਰੀ ਉਸਾਰਨ ਲਈ ਨੀਂਹ ਦੀ ਖੁਦਾਈ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਉਥੋਂ ਬੰਬ ਦਾ ਖੋਲ ਮਿਲਿਆ। ਇਸ ਬਾਰੇ ਮਕਾਨ ਮਾਲਕ ਨੇ ਪੁਲੀਸ ਨੂੰ ਸੂਚਨਾ ਦਿੱਤੀ ਤੇ ਬੰਬ ਨਿਰੋਧਕ ਦਸਤੇ ਸਣੇ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਬੰਬ ਦੇ ਖੋਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਮਾਮਲੇ ਦੀ ਸੂਚਨਾ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ। ਫੌਜ ਦੇ ਅਧਿਕਾਰੀਆਂ ਨੇ ਬੰਬ ਮਿਲਣ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਬੰਬ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁੱਡਾ ਅਲੀਸ਼ੇਰ ਵਿੱਚ ਪਲਾਟ ਦੀ ਚਾਰ ਦੀਵਾਰੀ ਬਣਾਉਣ ਲਈ ਮਜ਼ਦੂਰਾਂ ਵੱਲੋਂ ਨੀਂਹ ਦੀ ਖੁਦਾਈ ਕੀਤੀ ਜਾ ਰਹੀ ਸੀ। ਅੱਜ ਸਵੇਰੇ 11 ਵਜੇ ਮਜ਼ਦੂਰਾਂ ਨੂੰ ਜ਼ਮੀਨ ਹੇਠ ਦੱਬਿਆ ਬੰਬ ਦਾ ਖੋਲ ਦਿਖਾਈ ਦਿੱਤਾ। ਇਸ ਦੀ ਸੂਚਨਾ ਪਲਾਟ ਦੇ ਮਾਲਕ ਨੂੰ ਦਿੱਤੀ ਗਈ। ਮਾਲਕ ਨੇ ਪੁਲੀਸ ਨੂੰ ਸੂਚਿਤ ਕੀਤਾ। ਸੂਤਰਾਂ ਅਨੁਸਾਰ ਜਿਸ ਇਲਾਕੇ ਵਿੱਚ ਬੰਬ ਦਾ ਖੋਲ ਮਿਲਿਆ ਹੈ, ਉਥੇ ਕੁਝ ਸਮਾਂ ਪਹਿਲਾਂ ਆਰਮੀ ਵੱਲੋਂ ਗੋਲੀਬਾਰੀ ਦੀ ਪ੍ਰੈਕਟਿਸ ਕੀਤੀ ਜਾਂਦੀ ਸੀ। ਇਸੇ ਕਾਰਨ ਇਥੇ ਇਹ ਬੰਬ ਦਾ ਖੋਲ ਦੱਬਿਆ ਹੋਇਆ ਮਿਲਿਆ। ਬੰਬ ਦਾ ਖੋਲ ਕਿੰਨਾ ਪੁਰਾਣਾ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਬੰਬ ਮਿਲਣ ਦੀ ਸੂਚਨਾ ਤੇਜ਼ੀ ਨਾਲ ਫੈਲੀ ਅਤੇ ਮੌਕੇ ’ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਹੋਰ ਲੋਕ ਇਕੱਠੇ ਹੋ ਗਏ।