ਜਗਮੋਹਨ ਸਿੰਘ
ਘਨੌਲੀ, 30 ਜੂਨ
ਇੱਥੇ ਅੱਜ ਪਿੰਡ ਛੋਟੀ ਮਕੌੜੀ ਤੋਂ ਘਨੌਲੀ ਨੂੰ ਜਾਣ ਲੱਗਿਆਂ ਰਾਮ ਰਾਏ ਸਕੂਲ ਨੇੜੇ ਨਵੀਂ ਬਣੀ ਸੜਕ ’ਤੇ ਚੜ੍ਹਨ ਤੋਂ ਪਹਿਲਾਂ ਲਿੰਕ ਸੜਕ ਅਚਾਨਕ ਧਸਣ ਕਾਰਨ ਇੱਕ ਕਾਰ ਡੂੰਘੀ ਖਾਈ ਵਿੱਚ ਡਿੱਗਣ ਤੋਂ ਮਸਾਂ ਹੀ ਬਚੀ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਕਾਰ ਚਾਲਕ ਸੁਰਿੰਦਰ ਸਿੰਘ ਪੁੱਤਰ ਬਚਨ ਰਾਮ ਨੇ ਦੱਸਿਆ ਕਿ ਜਦੋਂ ਘਨੌਲੀ ਨਾਲਾਗੜ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਉਸ ਸਮੇਂ ਸੜਕ ਦੀ ਉਸਾਰੀ ਕਰਵਾ ਰਹੇ ਠੇਕੇਦਾਰ ਨੇ ਸੜਕ ਤੋਂ ਲੋਕਾਂ ਦੀ ਆਵਾਜਾਈ ਰੋਕਣ ਲਈ ਘਨੌਲੀ ਤੋਂ ਢੇਰੋਵਾਲ ਤੱਕ ਉਸਾਰੀ ਅਧੀਨ ਸੜਕ ਦੇ ਆਲੇ-ਦੁਆਲੇ ਪੈਂਦੀਆਂ ਲਿੰਕ ਸੜਕਾਂ ’ਤੇ ਡੂੰਘੀਆਂ ਖਾਈਆਂ ਪੁੱਟ ਦਿੱਤੀਆਂ ਸਨ।
ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰ ਨੇ ਪੁੱਟੀਆਂ ਖਾਈਆਂ ਨੂੰ ਸਹੀ ਢੰਗ ਨਾਲ ਮਟੀਰੀਅਲ ਪਾ ਕੇ ਬੰਦ ਕਰਨ ਦੀ ਥਾਂ ਮਿੱਟੀ ਪਾ ਕੇ ਹੀ ਬੰਦ ਕਰ ਦਿੱਤਾ, ਜਿਸ ਕਰ ਕੇ ਅੱਜ ਠੇਕੇਦਾਰ ਦੀ ਕਥਿਤ ਅਣਗਹਿਲੀ ਕਾਰਨ ਉਸ ਦਾ ਜਾਨੀ ਨੁਕਸਾਨ ਹੋਣ ਲੱਗਿਆ ਸੀ। ਉਸ ਨੇ ਦੱਸਿਆ ਕਿ ਡੂੰਘੀ ਖਾਈ ਵਿੱਚ ਡਿੱਗਣ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ, ਜਿਸ ਲਈ ਠੇਕੇਦਾਰ ਜ਼ਿੰਮੇਵਾਰ ਹੈ।
ਠੇਕੇਦਾਰ ਨੇ ਦੋਸ਼ ਨਕਾਰੇ
ਠੇਕੇਦਾਰ ਅੰਕੁਸ਼ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਈਟ ਇੰਚਾਰਜ ਦਵਿੰਦਰ ਨਾਲ ਗੱਲ ਕਰਨ ਲਈ ਕਿਹਾ। ਸਾਈਟ ਇੰਚਾਰਜ ਦਵਿੰਦਰ ਨੇ ਕਿਹਾ ਕਿ ਜਿਸ ਥਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਥਾਂ ਉਨ੍ਹਾਂ ਨੇ ਨਹੀਂ ਪੁੱਟੀ ਬਲਕਿ ਪਿਛਲੇ ਸਾਲ ਬਰਸਾਤ ਦੇ ਸੀਜ਼ਨ ਦੌਰਾਨ ਆਪਣੇ ਆਪ ਖਾਰ ਪੈ ਗਈ ਸੀ। ਉਨ੍ਹਾਂ ਇਹ ਵੀ ਕਿਹਾ ਉਨ੍ਹਾਂ ਵੱਲੋਂ ਇਨਸਾਨੀਅਤ ਦੇ ਤੌਰ ’ਤੇ ਮਿੱਟੀ ਪਾ ਕੇ ਖਾਈ ਭਰ ਦਿੱਤੀ ਗਈ ਸੀ, ਜਦਕਿ ਉਕਤ ਲਿੰਕ ਸੜਕ ’ਤੇ ਮਟੀਰੀਅਲ ਪਾਉਣਾ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰੀ ਹੈ।