ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਸਤੰਬਰ
ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਆਪਣੇ ਪਾਲਤੂ ਕੁੱਤੇ ’ਤੇ ਅੱਤਿਆਚਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡੇਰਾਬੱਸੀ ਦੇ ਵਸਨੀਕ ਮੋਹਿਤ ਧੀਮਾਨ ਵਾਸੀ ਜੀਬੀਪੀ ਸੁਸਾਇਟੀ ਨੇ ਦੱਸਿਆ ਕਿ ਉਹ ਲੰਘੇ ਦਿਨੀਂ ਪਟਿਆਲਾ ਰੋਡ ’ਤੇ ਇਕ ਢਾਬੇ ’ਤੇ ਬੈਠਾ ਖਾਣਾ ਖਾ ਰਿਹਾ ਸੀ। ਇਸ ਦੌਰਾਨ ਦੇਰ ਰਾਤ ਕਰੀਬ 2230 ਵਜੇ ਇਕ ਵਿਅਕਤੀ ਆਪਣੇ ਮੋਟਰਸਾਈਕਲ ਦੇ ਪਿੱਛੇ ਆਪਣੇ ਪਾਲਤੂ ਕੁੱਤੇ ਨੂੰ ਸੰਗਲ ਨਾਲ ਬੰਨ੍ਹ ਕੇ ਘਸੀਟ ਕੇ ਲੈ ਜਾ ਰਿਹਾ ਸੀ, ਜਿਸ ਕਰ ਕੇ ਕੁੱਤਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਸ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕੁੱਤੇ ਦੇ ਮਾਲਕ ਵਿਨੋਦ ਘਈ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।