ਹਰਜੀਤ ਸਿੰਘ
ਡੇਰਾਬੱਸੀ, 8 ਨਵੰਬਰ
ਤਹਿਸੀਲ ਵਿੱਚ ਡੇਰਾਬੱਸੀ ਦੀ ਬਹੁ-ਕਰੋੜੀ ਪ੍ਰਾਪਰਟੀ ਦਾ ਜਾਅਲੀ ਇੰਤਕਾਲ ਕਰਵਾਉਣ ਆਏ ਲੋਹਗੜ੍ਹ ਜ਼ੀਰਕਪੁਰ ਵਸਨੀਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਲੋਹਗੜ੍ਹ ਜ਼ੀਰਕਪੁਰ ਦੇ ਰੂਪ ਵਿੱਚ ਹੋਈ ਹੈ ਜੋ ਪ੍ਰਾਪਰਟੀ ਮਾਲਕ ਮਹਿੰਦਰ ਸਿੰਘ ਦਾ ਜਾਅਲੀ ਪੁੱਤਰ ਬਣ ਕੇ ਆਪਣੇ ਪਿਤਾ ਨੂੰ ਮ੍ਰਿਤਕ ਦਿਖਾ ਕੇ ਉਸ ਦੀ ਬਹੁ-ਕਰੋੜੀ ਪ੍ਰਾਪਰਟੀ ਆਪਣੇ ਨਾਂਅ ਕਰਵਾਉਣ ਦੀ ਫ਼ਿਰਾਕ ਵਿੱਚ ਸੀ। ਪੁਲੀਸ ਨੇ ਤਹਿਸੀਲਦਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਹਿਸੀਲਦਾਰ ਬੀਰਕਰਨ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਇਕ ਵਿਅਕਤੀ ਤਹਿਸੀਲ ਵਿੱਚ ਇਕ ਜਾਇਦਾਦ ਦਾ ਇੰਤਕਾਲ ਆਪਣੇ ਨਾਂਅ ਕਰਵਾਉਣ ਲਈ ਘੁੰਮ ਰਿਹਾ ਸੀ। ਜਦੋਂ ਤਹਿਸੀਲਦਾਰ ਨੇ ਵਿਅਕਤੀ ’ਤੇ ਸ਼ੱਕ ਹੋਣ ’ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਮੌਤ ਦਾ ਪ੍ਰਮਾਣ ਪੱਤਰ ਜਾਅਲੀ ਪਾਇਆ ਗਿਆ ਜਿਸ ’ਤੇ ਸਰਕਾਰੀ ਹੋਲੋਗ੍ਰਾਮ ਨਹੀਂ ਸੀ। ਤਹਿਸੀਲਦਾਰ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਜਿਸ ਮਗਰੋਂ ਪੁਲੀਸ ਨੇ ਵਿਅਕਤੀ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਿਅਕਤੀ ਉੱਕਤ ਪ੍ਰਾਪਰਟੀ ਮਾਲਕ ਮਹਿੰਦਰ ਸਿੰਘ ਦਾ ਜਾਅਲੀ ਪ੍ਰਮਾਣ ਪੱਤਰ ਪੇਸ਼ ਕਰ ਉਸ ਦੀ ਜ਼ਮੀਨ ਦਾ ਇੰਤਕਾਲ ਆਪਣੇ ਨਾਂਅ ਕਰਵਾਉਣ ਦੀ ਫ਼ਿਰਾਕ ਵਿੱਚ ਸੀ।
ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਵਿੱਚ ਤਹਿਸੀਲਦਾਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤੇ ਸੁਖਵਿੰਦਰ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।