ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 24 ਅਕਤੂਬਰ
ਪੁਲੀਸ ਨੇ ਇਥੋਂ ਦੇ ਭਬਾਤ ਖੇਤਰ ਵਿੱਚ ਸਥਿਤ ਇਕ ਹੋਟਲ ਸੰਚਾਲਕ ਖ਼ਿਲਾਫ਼ ਬਿਨਾਂ ਪਛਾਣ ਪੱਤਰ ਗਾਹਕਾਂ ਨੂੰ ਕਮਰਾ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਬਾਤ ਖੇਤਰ ਵਿੱਚ ਹੋਟਲ ਵਾਈਟ ਰੋਜ਼ ਦਾ ਸੰਚਾਲਕ ਗੁਰਮੀਤ ਸਿੰਘ ਇਥੇ ਆਉਣ ਵਾਲੇ ਗਾਹਕਾਂ ਨੂੰ ਬਿਨਾਂ ਪਛਾਣ ਪੱਤਰ ਲਏ ਕਮਰਾ ਦੇ ਦਿੰਦਾ ਹੈ ਜੋ ਡਿਪਟੀ ਕਮਿਸ਼ਨਰ ਮੁਹਾਲੀ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੇ ਹੋਟਲ ਵਿੱਚ ਲੰਘੇ ਦਿਨੀਂ ਇਕ ਮੁੰਡਾ ਕੁੜੀ ਨੇ ਕਮਰਾ ਲਿਆ ਸੀ। ਹੋਟਲ ਸੰਚਾਲਕ ਵੱਲੋਂ ਉੱਕਤ ਕਮਰੇ ਵਿੱਚ ਰੁਕਣ ਵਾਲੇ ਮੁੰਡੇ ਦਾ ਪਛਾਣ ਪੱਤਰ ਤਾਂ ਲੈ ਲਿਆ ਪਰ ਕੁੜੀ ਦਾ ਨਹੀਂ ਲਿਆ ਜਦਕਿ ਦੋਵਾਂ ਦਾ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।