ਮਿਹਰ ਸਿੰਘ
ਕੁਰਾਲੀ, 30 ਜੂਨ
ਕੁਝ ਦਿਨ ਪਹਿਲਾਂ ਨੇੜਲੇ ਪਿੰਡ ਤਿਊੜ ਦੇ ਅਗਨੀਕਾਂਡ ਤੋਂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ। ਕੁਰਾਲੀ ਦੀ ਮੋਰਿੰਡਾ ਰੋਡ ’ਤੇ ਪਾਵਰਕੌਮ ਦੇ ਗਰਿੱਡ ਨੇੜੇ ਬਣੀ ਝੌਪੜ ਕਲੋਨੀ ਕਿਸੇ ਵੀ ਵੇਲੇ ਤਿਊੜ ਜਿਹਾ ਅਗਨੀਕਾਂਡ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਨੇ ਮੋਰਿੰਡਾ ਰੋਡ ’ਤੇ ਬਿਜਲੀ ਘਰ ਦੇ ਗਰਿੱਡ ਦੇ ਨਾਲ ਬਣੀ ਇਸ ਝੌਂਪੜ ਕਲੋਨੀ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਪਾਵਰਕੌਮ ਦੇ ਸਥਾਨਕ ਬਿਜਲੀ ਗਰਿੱਡ ਨੇੜੇ ਕੁਝ ਅਰਸਾ ਪਹਿਲਾਂ ਰਿਹਾਇਸ਼ੀ ਕਲੋਨੀ ਕੱਟੀ ਗਈ ਸੀ ਪਰ ਇਹ ਕਲੋਨੀ ਵਿਕਸਿਤ ਨਾ ਹੋਣ ਕਾਰਨ ਇਹ ਥਾਂ ਝੌਪੜ ਕਲੋਨੀ ਲਈ ਕਿਰਾਏ ‘ਤੇ ਦੇ ਦਿੱਤੀ ਗਈ। ਇਸ ਥਾਂ ’ਤੇ ਹੁਣ ਦਰਜਨ ਪਰਵਾਸੀ ਪਰਿਵਾਰ ਝੌਂਪੜੀਆਂ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਜਗ੍ਹਾਂ ਦਾ ਕਿਰਾਇਆ ਅਦਾ ਕਰ ਰਹੇ ਹਨ।
ਕਲੋਨੀ ਵਿਚ ਰਹਿੰਦੇ ਸਾਰੇ ਲੋਕ ਦਿਨ ਵੇਲੇ ਕਬਾੜ ਇਕੱਠਾ ਕਰਨ ਉਪਰੰਤ ਸ਼ਾਮ ਵੇਲੇ ਕਬਾੜ ਵਿਚੋਂ ਤਾਂਬਾ, ਲੋਹਾ ਅਤੇ ਹੋਰ ਧਾਤਾਂ ਕੱਢਣ ਲਈ ਤਾਰਾਂ, ਟਾਇਰਾਂ ਤੇ ਹੋਰ ਕਬਾੜ ਨੂੰ ਅੱਗ ਲਗਾ ਦਿੰਦੇ ਹਨ। ਕਬਾੜ ਨੂੰ ਲਗਾਈ ਅੱਗ ਦੀਆਂ ਲਪਟਾਂ ਕਿਸੇ ਵੇਲੇ ਵੀ ਬਿਜਲੀ ਦੇ ਗਰਿੱਡ ਲਈ ਵੀ ਹਾਦਸੇ ਦਾ ਸਬੱਬ ਬਣ ਸਕਦੀ ਹੈ। ਐੱਸਡੀਐੱਮ ਖਰੜ ਹਿਮਾਂਸ਼ੂ ਜੈਨ ਨੇ ਇਸ ਸਬੰਧੀ ਫੋਨ ਚੁੱਕਣਾ ਮੁਨਾਸਬਿ ਨਾ ਸਮਝਿਆ।
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਇਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੀ ਨੱਕ ਹੇਠ ਸ਼ਰ੍ਹੇਆਮ ਹੋ ਰਹੀ ਬਿਜਲੀ ਚੋਰੀ
ਲਾਲੜੂ (ਪੱਤਰ ਪ੍ਰੇਰਕ): ਥਾਣਾ ਲਾਲੜੂ ਦੇ ਸਾਹਮਣੇ ਕਈ ਦਰਜਨ ਝੁੱਗੀਆਂ ਵਿੱਚ ਰਹਿੰਦੇ ਲੋਕ ਸ਼ਰ੍ਹੇਆਮ ਬਿਜਲੀ ਦੀ ਚੋਰੀ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਨ, ਜਿਨ੍ਹਾਂ ਕੋਲ ਕੋਈ ਮੀਟਰ ਨਹੀਂ ਹੈ। ਇਸ ਤੋਂ ਇਲਾਵਾ ਟੈਲੀਫੋਨ ਐਕਸਚੇਂਜ ਦੇ ਨੇੜੇ ਵੀ ਕੁੱਝ ਲੋਕਾਂ ਵੱਲੋਂ ਵੀ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ। ਇਹ ਸਾਰੇ ਮਾਮਲਿਆਂ ਦਾ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਪਤਾ ਹੈ, ਉਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਹੋ ਰਹੀ। ਇਸ ਦੇ ਉਲਟ ਪਿਛਲੇ ਦਿਨੀਂ ਪਿੰਡ ਬਲਟਾਣਾ ਦੇ ਕਿਸਾਨ ਦੀ ਮੋਟਰ ਫੜੀ ਗਈ ਸੀ, ਜਿਸ ਨੂੰ ਬਿਜਲੀ ਵਿਭਾਗ ਨੇ 2 ਲੱਖ 73 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਸੀ। ਪਾਵਰਕੌਮ ਦੇ ਐੱਸਡੀਓ ਪਰਦੀਪ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਹੁਣ ਛੇਤੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਵੀ ਬਿਜਲੀ ਚੋਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰੀਡਿੰਗ ਮੁਤਾਬਕ ਬਿਜਲੀ ਬਿਲ ਭੇਜਣ ਦੀ ਮੰਗ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਪ੍ਰਧਾਨ ਇੰਜਨੀਅਰ ਪੀਐਸ ਵਿਰਦੀ ਨੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬਿਲ ਮੈਸੇਜ ਰਾਹੀਂ, ਈ-ਮੇਲ ਰਾਹੀਂ ਜਾਂ ਮੋਬਾਈਲ ’ਤੇ ਭੇਜੇ ਗਏ ਹਨ। ਇਸ ਸਬੰਧੀ ਜਦੋਂ ਖਪਤਕਾਰਾਂ ਵੱਲੋਂ ਪਾਵਰਕੌਮ ਦੇ ਦਫ਼ਤਰ ਵਿੱਚ ਜਾ ਕੇ ਬਿਜਲੀ ਬਿੱਲਾਂ ਬਾਰੇ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਆਪਣੇ ਮੀਟਰ ਦੀ ਰੀਡਿੰਗ ਦੀ ਫੋਟੋ ਖਿੱਚ ਕੇ ਪੇਸ਼ ਕਰਨ ਅਤੇ ਉਸ ਦੇ ਆਧਾਰ ’ਤੇ ਹੀ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਨੇ ਮੁੜ ਅਪੀਲ ਕਿ ਚੰਡੀਗੜ੍ਹ ਦੀ ਤਰਜ਼ ’ਤੇ ਬਿਜਲੀ ਬਿੱਲਾਂ ਦੀ ਮੁਆਫ਼ੀ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਸਲ ਰੀਡਿੰਗ ਮੁਤਾਬਕ ਬਿਜਲੀ ਦੇ ਬਿੱਲ ਭੇਜੇ ਜਾਣ।