ਹਰਦੇਵ ਚੌਹਾਨ
ਚੰਡੀਗੜ੍ਹ, 8 ਅਗਸਤ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਤ੍ਰੈ-ਭਾਸ਼ੀ ਸਾਉਣ ਕਵੀ ਦਰਬਾਰ ਵਿੱਚ ਕਵਿਤਾਵਾਂ ਦੀ ਕਿਣਮਿਣ ਹੋਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਗੁਰਨਾਮ ਕੰਵਰ ਨੇ ਜਿੱਥੇ ਮਹਿਫਲ ’ਚ ਸ਼ਾਮਲ ਸਥਾਪਤ ਸ਼ਾਇਰਾਂ ਦੀ ਸ਼ਾਇਰੀ ਨੂੰ ਸਰਾਹਿਆ ਉਥੇ ਨਵੀਆਂ ਕਲਮਾਂ ਦਾ ਵੀ ਹੌਂਸਲਾ ਵਧਾਇਆ। ਉਨ੍ਹਾਂ ਆਖਿਆ ਕਿ ਚਾਹੇ ਕਿਸਾਨ ਅੰਦੋਲਨ ਹੋਵੇ ਤੇ ਚਾਹੇ ਹੋਰ ਸਮਾਜਿਕ ਅੰਦੋਲਨ, ਉਨ੍ਹਾਂ ਸਭ ਵਿਚ ਚੇਤਨਾ ਭਰਨ ਦਾ ਕੰਮ ਕਵੀ, ਸ਼ਾਇਰ, ਲੇਖਕ ਬਾਖੂਬੀ ਨਿਭਾਅ ਰਹੇ ਹਨ। ਇਸ ਮੌਕੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਵੀ ਸ਼ਾਮਲ ਸਨ। ਭਾਈ ਸੰਤੋਖ ਸਿੰਘ ਯਾਦਗਾਰੀ ਹਾਲ ’ਚ ਹੋਏ ਅੱਜ ਦੇ ਇਸ ਸਾਉਣ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਧੀਰ, ਸੁਮੇਸ਼, ਬਲਕਾਰ ਸਿੱਧੂ, ਦਰਸ਼ਨ ਤਿ੍ਰਊਣਾ, ਗੁਰਦਾਸ ਸਿੰਘ ਦਾਸ ਤੇ ਲਾਭ ਸਿੰਘ ਲੇਹਲੀ ਨੇ ਸਾਉਣ ਨਾਲ ਸਬੰਧਤ ਗੀਤ ਗਾ ਕੇ ਕਾਵਿ ਮਹਿਫ਼ਲ ਵਿਚ ਤੀਆਂ ਵਾਲੇ ਰੰਗ ਭਰੇ। ਕਰਮਜੀਤ ਸਿੰਘ ਬੱਗਾ ਨੇ ਬੋਲੀਆਂ ਪਾ ਕੇ ਸਾਉਣ ਕਾਵਿ ਮਹਿਫ਼ਲ ਦੀ ਪੀਂਘ ਸਿਖਰ ’ਤੇ ਚੜ੍ਹਾਈ। ਸ਼੍ਰੋਮਣੀ ਸ਼ਾਇਰ ਸਿਰੀਰਾਮ ਅਰਸ਼, ਗੁਰਦੀਪ ਗੁੱਲ, ਰਸ਼ਮੀ ਸ਼ਰਮਾ ਤੇ ਮਲਕੀਅਤ ਬਸਰਾ ਹੋਰਾਂ ਨੇ ਪਰਿਵਾਰਕ ਤੇ ਸਭਿਆਚਾਰ ਨਾਲ ਸਬੰਧਤ ਕਵਿਤਾਵਾਂ ਪੇਸ਼ ਕਰਕੇ ਕਾਵਿ ਮਹਿਫ਼ਲ ਵਿਚ ਗੰਭੀਰਤਾ ਭਰ ਦਿੱਤੀ। ਇਸੇ ਤਰ੍ਹਾਂ ਮਲਕੀਤ ਸਿੰਘ ਨਾਗਰਾ, ਗੁਰਨਾਮ ਕੰਵਰ, ਪਾਲ ਅਜਨਬੀ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸੇਵੀ ਰਾਇਤ, ਜਗਦੀਪ ਕੌਰ ਨੂਰਾਨੀ, ਦਰਸ਼ਨ ਸਿੰਘ ਸਿੱਧੂ, ਪ੍ਰਲਾਦ ਸਿੰਘ, ਸ਼ਾਇਰ ਭੱਟੀ, ਗੁਰਦਰਸ਼ਨ ਸਿੰਘ ਮਾਵੀ ਤੇ ਪਰਮਜੀਤ ਸਿੰਘ ਪਰਮ ਹੋਰਾਂ ਨੇ ਵੀ ਆਪਣੀਆਂ ਕਵਿਤਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਸਮਾਗਮ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕਾਵਿਕ ਅੰਦਾਜ਼ ਵਿੱਚ ਨਿਭਾਈ।