ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਸਤੰਬਰ
ਇਥੇ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਅੱਜ 7 ਸਾਲਾਂ ਦੇ ਬੱਚੇ ਦੀ ਲਾਸ਼ ਨਾ ਮਿਲਣ ਕਾਰਨ ਸੈਕਟਰ-26 ਬਾਪੂਧਾਮ ਕਲੋਨੀ ਦੇ ਵਸਨੀਕਾਂ ਨੇ ਹੰਗਾਮਾ ਕੀਤਾ। ਡਾਕਟਰਾਂ ਨੇ ਲਾਸ਼ ਦਾ ਪੋਸਟਮਾਰਟਮ ਅਤੇ ਕਰੋਨਾ ਟੈਸਟ ਕੀਤੇ ਬਿਨਾਂ ਲਾਸ਼ ਨਾ ਦੇਣ ਦੀ ਗੱਲ ਕਹੀ। ਹੰਗਾਮੇ ਬਾਰੇ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਜ਼ੀਰਕਪੁਰ ਦੇ ਪ੍ਰਾੲਵੇਟ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ ਪਰ ਲੰਘੀ ਰਾਤ ਉਸ ਦੀ ਸਿਹਤ ਖਰਾਬ ਹੋਣ ਕਾਰਨ ਊਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਜਦੋਂ ਬੱਚੇ ਨੂੰ ਐਂਬੂਲੈਂਸ ਵਿੱਚ ਲੈ ਕੇ ਹਸਪਤਾਲ ਆ ਰਹੇ ਸਨ ਤਾਂ ਬੱਚੇ ਦੀ ਮੌਤ ਹੋ ਗਈ। ਡਾਕਟਰਾਂ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਅਤੇ ਐਤਵਾਰ ਸਵੇਰੇ ਲਾਸ਼ ਲਿਜਾਣ ਲਈ ਕਿਹਾ। ਜਦੋਂ ਅੱਜ ਸਵੇਰੇ ਪਰਿਵਾਰਕ ਮੈਂਬਰ ਲਾਸ਼ ਲੈਣ ਗਏ ਤਾਂ ਡਾਕਟਰਾਂ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਸੀ ਕਿ ਬੱਚੇ ਦੀ ਭੇਤਭਰੇ ਹਾਲਤ ਵਿੱਚ ਮੌਤ ਹੋਈ ਹੈ। ਇਸ ਲਈ ਉਸ ਦੀ ਲਾਸ਼ ਦਾ ਪੋਸਟਮਾਰਟਮ ਅਤੇ ਕਰੋਨਾ ਟੈਸਟ ਕਰਨਾ ਜ਼ਰੂਰੀ ਹੈ ਜਿਸ ਨੂੰ ਦੋ ਦਿਨ ਲੱਗ ਸਕਦੇ ਹਨ। ਲਾਸ਼ ਨਾ ਮਿਲਣ ’ਤੇ ਪਰਿਵਾਰਕ ਮੈਂਬਰ ਗੁੱਸੇ ਵਿੱਚ ਆ ਗਏ ਤੇ ਹੰਗਾਮਾ ਕੀਤਾ।