ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਸਤੰਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਭਲਕੇ ਤੋਂ ਕਰੋਨਾ ਨੈਗੇਟਿਵ ਰਿਪੋਰਟ ਤੋਂ ਬਿਨਾਂ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਕਰੋਨਾ ਟੀਕਾਕਰਨ ਕਰਵਾ ਚੁੱਕੇ ਲੋਕ ਹੀ ਸਕੂਲ ਅੰਦਰ ਜਾ ਸਕਣਗੇ। ਇਸ ਸਬੰਧੀ ਵਿਭਾਗ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।
ਇਹ ਵੀ ਪਤਾ ਲੱਗਾ ਹੈ ਕਿ ਪੈਰੀਫੇਰੀ, ਕਲੋਨੀਆਂ ਤੇ ਹੋਰ ਸਕੂਲਾਂ ਵਿੱਚ ਆਮ ਲੋਕ ਸਕੂਲ ਅੰਦਰ ਦਾਖ਼ਲ ਹੋ ਰਹੇ ਸਨ ਜਿਨ੍ਹਾਂ ਦੀ ਸਕੂਲ ਦੇ ਗੇਟ ’ਤੇ ਕੋਈ ਜਾਂਚ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਦੋ ਸਕੂਲਾਂ ਵਿੱਚ ਸਾਮਾਨ ਚੋਰੀ ਹੋਣ ਬਾਰੇ ਵੀ ਸਿੱਖਿਆ ਵਿਭਾਗ ਨੂੰ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਸਾਰੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਕੂਲ ਦੀ ਐਂਟਰੀ ’ਤੇ ਹਰ ਇੱਕ ਨੂੰ ਕਰੋਨਾ ਦੀ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ ਤੇ ਇਹ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ ਸਕੂਲ ਅੰਦਰ ਦਾਖਲ ਹੋਣ ਵਾਲੇ ਵਿਅਕਤੀ ਦੇ ਘੱਟ-ਘੱਟ ਇੱਕ ਕਰੋਨਾ ਰੋਕੂ ਟੀਕਾ ਜ਼ਰੂਰ ਲੱਗਾ ਹੋਣਾ ਚਾਹੀਦਾ ਹੈ।
ਜਾਣਕਾਰੀ ਮੁਤਾਬਕ ਹਰ ਸਕੂਲ ਦੇ ਬਾਹਰ ਸਕੂਲ ਅੰਦਰ ਆਉਣ ਦਾ ਸਮਾਂ ਨਿਰਧਾਰਤ ਕੀਤਾ ਬੋਰਡ ਲਾਇਆ ਜਾਵੇਗਾ। ਸਕੂਲ ਅੰਦਰ ਹਰ ਇੱਕ ਆਉਣ-ਜਾਣ ਵਾਲੇ ਦਾ ਰਿਕਾਰਡ ਰੱਖਣ ਲਈ ਵੀ ਕਹਿ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਸਟਾਫ਼ ਨੂੰ ਵੀ ਦੋਵੇਂ ਟੀਕੇ ਲੱਗਣੇ ਜ਼ਰੂਰੀ ਕੀਤੇ ਗਏ ਹਨ।
ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਰ ਵਧਾਉਣ ਲਈ ਹਦਾਇਤ
ਕਰੋਨਾ ਕਾਰਨ ਭਾਵੇਂ ਸਰਕਾਰੀ ਸਕੂਲਾਂ ਤੋਂ ਇਲਾਵਾ ਨਿੱਜੀ ਸਕੂਲਾਂ ਨੇ ਵੀ ਪੰਜਵੀਂ ਤੋਂ ਉੱਤੇ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਹਨ ਪਰ ਹਾਲੇ ਵੀ ਸਕੂਲਾਂ ਵਿੱਚ ਵਿਦਿਆਰਥੀ ਘੱਟ ਗਿਣਤੀ ਵਿੱਚ ਹੀ ਸਕੂਲ ਆ ਰਹੇ ਹਨ ਜਿਸ ਕਾਰਨ ਸਿੱਖਿਆ ਵਿਭਾਗ ਨੇ ਤਿੰਨ ਦਿਨ ਪਹਿਲਾਂ ਪੱਤਰ ਜਾਰੀ ਕਰ ਕੇ ਨਿੱਜੀ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਯਤਨ ਕਰਨ। ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਸਕੂਲਾਂ ਵਿੱਚ ਕਰੋਨਾ ਸਾਵਧਾਨੀਆਂ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮਾਪਿਆਂ ਨੇ ਕਿਹਾ ਕਿ ਉਹ ਹਾਲੇ ਛੋਟੇ ਬੱਚਿਆਂ ਨੂੰ ਸਕੂਲ ਭੇਜ ਕੇ ਕਰੋਨਾ ਸਬੰਧੀ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਮਾਪਿਆਂ ਨੇ ਆਨਲਾਈਨ ਸਿੱਖਿਆ ਹੀ ਜਾਰੀ ਰੱਖਣ ਲਈ ਹਾਮੀ ਭਰੀ ਹੈ।