ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
‘ਫਲਾਈਂਗ ਸਿੱਖ’ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਜ਼ਿੰਦਗੀ ਭਰ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਜ਼ਜਬੇ ਕਰ ਕੇ ਹਰ ਖੇਤਰ ਦੇ ਲੋਕਾਂ ਦੇ ਮਨ੍ਹਾਂ ਵਿੱਚ ਵੱਖਰੀ ਛਾਪ ਛੱਡ ਗਏ ਹਨ। ਉਨ੍ਹਾਂ ਨੂੰ ਸੰਸਾਰ ਵਿੱਚ ਨਾ ਹੁੰਦਿਆਂ ਵੀ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮਿਲਖਾ ਸਿੰਘ ਦਾ ਅੰਤਿਮ ਸਸਕਾਰ ਸੈਕਟਰ-25 ਦੀ ਸ਼ਮਸ਼ਾਨਘਾਟ ਵਿੱਚ ਸ਼ਾਮ ਸਮੇਂ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਰਾਜਸੀ, ਸਮਾਜਿਕ ਅਤੇ ਖੇਡ ਜਗਤ ਨਾਲ ਜੁੜੇ ਲੋਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।
ਮਿਲਖਾ ਸਿੰਘ ਦੀ ਦੇਰ ਰਾਤ ਮੌਤ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਦੇ ਨਜ਼ਦੀਕੀਆਂ ਨੇ ਘਰ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਸਵੇਰ ਹੁੰਦਿਆਂ ਹੀ ਖੇਡ ਜਗਤ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਸ਼ਹਿਰ ਵਾਸੀਆਂ ਨੇ ਘਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਿਲਖਾ ਸਿੰਘ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਤੱਕ ਦੌੜਦੇ ਰਹੇ ਹਨ। ਉਹ ਲੋਕਾਂ ਨੂੰ ਦੌੜਨ ਅਤੇ ਰੋਜ਼ਾਨਾ ਕਸਰਤ ਲਈ ਪ੍ਰੇਰਿਤ ਕਰਦੇ ਰਹੇ ਹਨ।
ਚੰਡੀਗੜ੍ਹ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਮਿਲਖਾ ਸਿੰਘ ਆਪਣੇ ਸ਼ਹਿਰ ਵਿੱਚ ਵਿਸ਼ਵ ਦਾ ਪਹਿਲਾ ਪਹਿਲਾਂ ਸਿੰਡੀਕ ਟਰੈਕ ਬਣਾਉਣਾ ਚਾਹੁੰਦੇ ਸਨ। ਯੂਟੀ ਪ੍ਰਸ਼ਾਸਨ ਉਨ੍ਹਾਂ ਦਾ ਇੱਛਾ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ। ਇਸ ਲਈ ਕਈ ਵਾਰ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਪਰ ਕੁਝ ਨਹੀਂ ਹੋ ਸਕਿਆ। ਇਸ ਬਾਰੇ ਖੇਡ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਵਿਚਾਰ ਅਧੀਨ ਹੈ ਜਿਸ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਮਿਲਖਾ ਸਿੰਘ ਦੇ ਨਾਂ ’ਤੇ ਜ਼ਰੂਰ ਕੁਝ ਵੱਡਾ ਕਰੇਗਾ।