ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 24 ਜੂਨ
ਮਿਉਂਸਿਪਲ ਕਮੇਟੀ ਨਵਾਂ ਗਾਉਂ ਅਧੀਨ ਪੈਂਦੇ ਇਲਾਕੇ ਵਿਚ ਵਿਕਾਸ ਕਾਰਜਾਂ ਲਈ ਕੌਂਸਲਰਾਂ ਦੀ ਰੱਖੀ ਹੋਈ ਮੀਟਿੰਗ ਅਚਾਨਕ ਮੁਲਤਵੀ ਹੋਣ ਮਗਰੋਂ ਨਾਰਾਜ਼ ਕੌਂਸਲਰਾਂ ਦਾ ਵਫ਼ਦ ‘ਆਪ’ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਮਿਲਿਆ। ਵਫਦ ਨੇ ਜਗਮੋਹਨ ਸਿੰਘ ਕੰਗ ਨੂੰ ਦੱਸਿਆ ਕਿ ਲੰਮੇ ਸਮੇਂ ਤੋਂ ਕਮੇਟੀ ਅੰਦਰ ਵਿਕਾਸ ਕਾਰਜ ਠੱਪ ਪਏ ਹਨ ਤੇ ਕਮੇਟੀ ਅੰਦਰ ਕੋਈ ਵੀ ਗਤੀਵਿਧੀ ਨਾ ਹੋਣ ਕਾਰਨ ਕੌਂਸਲਰਾਂ ਦੇ ਅਕਸ ਉਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਦੌਰਾਨ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਕੌਂਸਲਰਾਂ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਉਹ ਖੁਦ ਸਰਕਾਰ ਦੇ ਦਰਬਾਰ ਵਿੱਚ ਪਹੁੰਚਾ ਕੇ ਵਿਕਾਸ ਕਾਰਜਾਂ ਸਬੰਧੀ ਅਗਲੀ ਰਣਨੀਤੀ ਤਿਆਰ ਕਰਨਗੇ। ਦੂਜੇ ਪਾਸੇ ਕਮੇਟੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਨੇ ਕੁਝ ਕੌਂਸਲਰਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਾ ਹੋਣ ਕਾਰਨ ਮੀਟਿੰਗ ਅਚਾਨਕ ਮੁਲਤਵੀ ਕਰਨੀ ਪਈ ਸੀ। ਵਫ਼ਦ ਵਿੱਚ ਕੌਂਸਲਰ ਤੇ ਨੰਬਰਦਾਰ ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਪੱਪੀ, ਸੁਸ਼ੀਲ ਸ਼ਰਮਾ, ਪ੍ਰਮੋਦ ਕੁਮਾਰ ਤੇ ਰਵਿੰਦਰ ਸਿੰਘ ਆਦਿ ਸ਼ਾਮਲ ਸਨ।